ਫ਼ਾਜ਼ਿਲਕਾ, 6 ਜਨਵਰੀ (ਦਵਿੰਦਰ ਪਾਲ ਸਿੰਘ)-ਪੰਜਾਬ ਰੋਡਵੇਜ਼ ਪਨਬੱਸ/ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਵਲੋਂ ਪੰਜਾਬ ਭਰ ਦੇ ਡਿਪੂਆ 'ਤੇ ਗੇਟ ਰੈਲੀਆਂ ਕੀਤੀਆਂ ਗਈਆਂ | ਫ਼ਾਜ਼ਿਲਕਾ ਡਿਪੂ 'ਤੇ ਸੂਬਾ ਆਗੂ ਉਡੀਕ ਚੰਦ ਤੇ ਪ੍ਰਧਾਨ ਰਵਿੰਦਰ ਸਿੰਘ ਨੇ ਬੋਲਦਿਆਂ ਕਿਹਾ ਕਿ ਕੱਚੇ ਕਰਮਚਾਰੀ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ, ਸਮੇਂ-ਸਮੇਂ ਦੀਆਂ ਸਰਕਾਰ ਨੇ ਟਾਲਮਟੋਲ ਦੀ ਨੀਤੀ ਅਪਣਾਉਂਦੀਆਂ ਰਹੀਆਂ ਹਨ, ਪਰ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ 'ਚ ਆਉਣ ਤੋਂ ਪਹਿਲਾਂ ਸਾਡੇ ਧਰਨਿਆਂ 'ਚ ਆ ਕੇ ਬੋਲਦੇ ਸੀ ਕਿ ਸਰਕਾਰ ਬਣਨ ਉਪਰੰਤ ਕੱਚੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇਗਾ, ਵਿਭਾਗਾਂ ਨੂੰ ਪ੍ਰਫੁੱਲਿਤ ਕਰਾਂਗੇ ਤਾਂ ਪਨਬੱਸ/ਪੀ. ਆਰ. ਟੀ. ਸੀ. ਦੇ ਕੱਚੇ ਕਰਮਚਾਰੀਆਂ ਵਲੋਂ ਬੱਸਾਂ 'ਚ ਵੱਡੇ ਪੱਧਰ 'ਤੇ ਪ੍ਰਚਾਰ ਕਰਕੇ ਸਰਕਾਰ ਲਿਆਉਣ ਵਿਚ ਯੋਗਦਾਨ ਪਾਇਆ | ਅੱਜ ਚਾਰ ਸਾਲ ਬੀਤਣ ਦੇ ਬਾਵਜੂਦ ਇਕ ਵੀ ਕਰਮਚਾਰੀ ਨੂੰ ਪੱਕਾ ਨਹੀਂ ਕੀਤਾ ਗਿਆ, ਸਿਰਫ਼ ਲਾਰੇ 'ਤੇ ਲਾਰਾ ਲਾ ਕੇ ਸਮਾਂ ਟਪਾਉਣ ਦੀ ਕੋਸ਼ਿਸ਼ ਕੀਤੀ ਜਾਂ ਰਹੀ ਹੈ | ਸਰਕਾਰ ਦੇ ਨਾਲ ਲਗਪਗ 55 ਤੋਂ 60 ਮੀਟਿੰਗ ਹੋ ਚੁੱਕੀਆਂ ਹਨ | ਇਸ ਤੋਂ ਇਲਾਵਾ ਮੁੱਖ ਮੰਤਰੀ ਪੰਜਾਬ ਦੇ ਨਾਲ ਵੀ 2-3 ਮੀਟਿੰਗਾਂ ਹੋ ਚੁੱਕੀਆਂ ਹਨ | ਮੁੱਖ ਮੰਤਰੀ ਪੰਜਾਬ ਨੇ 1 ਮਹੀਨੇ 'ਚ ਮੰਗਾਂ ਦਾ ਹੱਲ ਕਰਨ ਦਾ ਭਰੋਸਾ ਵੀ ਦਿੱਤਾ ਸੀ | ਉਸ ਲਿਖਤੀ ਦਿੱਤੇ ਭਰੋਸੇ ਨੂੰ ਵੀ ਅੱਜ 1 ਸਾਲ 6 ਮਹੀਨੇ ਬੀਤ ਚੁੱਕੇ ਹਨ, ਪਰ ਅੱਜ ਤੱਕ ਨਾ ਤਾਂ ਕੱਚੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੀ ਪਾਲਿਸੀ ਬਣਾਈ ਗਈ ਹੈ ਨਾ ਹੀ ਆਊਟ ਸੋਰਸ ਨੂੰ ਕੰਟਰੈਕਟ 'ਤੇ ਕਰਨ ਦੀ ਪਾਲਿਸੀ ਬਣਾਈ ਗਈ ਹੈ | ਸਗੋਂ ਮੰਗਾਂ ਦਾ ਹੱਲ ਕਰਨ ਦੀ ਬਜਾਏ ਸੰਘਰਸ਼ ਕਰਦੇ ਕਰਮਚਾਰੀਆਂ ਨੂੰ ਨਾਜਾਇਜ਼ ਪਰਚੇ ਪਾ ਕੇ ਜੇਲ੍ਹਾਂ 'ਚ ਸੁੱਟਿਆ ਤੇ ਲੋਕਤੰਤਰ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਕੁਝ ਸਾਥੀ ਅੱਜ ਵੀ ਸੰਗਰੂਰ ਜੇਲ੍ਹ 'ਚ ਬੰਦ ਹਨ | ਜਰਨਲ ਸਕੱਤਰ ਮਨਪ੍ਰੀਤ ਸਿੰਘ, ਸੈਕਟਰੀ ਸੁਰਿੰਦਰ ਸਿੰਘ, ਪਿ੍ਤਪਾਲ ਸਿੰਘ, ਕੈਸ਼ੀਅਰ ਪਿ੍ੰਸ ਕੁਮਾਰ ਨੇ ਬੋਲਦਿਆਂ ਕਿਹਾ ਕਿ ਪ੍ਰਾਈਵੇਟ ਕਿੱਲੋਮੀਟਰ ਸਕੀਮ ਬੱਸਾਂ ਨੂੰ ਲੈ ਕੇ ਵਿਭਾਗਾਂ ਦਾ ਕੀਤਾ ਜਾ ਰਿਹਾ ਨਿੱਜੀਕਰਨ ਦੀ ਲੜਾਈ ਨੂੰ ਲੈ ਕੇ ਕਰਮਚਾਰੀ ਸੰਘਰਸ਼ ਕਰ ਰਹੇ ਸੀ ਜਥੇਬੰਦੀ ਆਗੂਆਂ ਨੂੰ ਘਰਾਂ ਤੋਂ ਚੱਕ ਕੇ ਹਿਰਾਸਤ 'ਚ ਲੈ ਕੇ ਵਰਕਰਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਤੇ ਵਰਕਰਾਂ ਦੇ ਨਾਲ ਪੁਲਿਸ ਪ੍ਰਸ਼ਾਸਨ ਵਲੋਂ ਧੱਕੇਸ਼ਾਹੀ ਕੀਤੀ ਗਈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਹੀ ਨਹੀਂ ਦਬਾ ਰਹੀ ਬਲਕਿ ਦੇਸ਼ ਦੇ ਥੰਮ੍ਹ ਵਜੋਂ ਕੰਮ ਕਰਦੇ ਪੈੱ੍ਰਸ ਮੀਡੀਆ, ਸੈਂਸਰ ਮੀਡੀਆ ਤੇ ਇਲੈਕਟੋ੍ਰਨਿਕ ਮੀਡੀਆ 'ਤੇ ਵੀ ਨਾਜਾਇਜ਼ ਪਰਚੇ ਦਰਜ ਕਰਕੇ ਡਰ ਪੈਂਦਾ ਕਰਕੇ ਪੰਜਾਬ ਦੀ ਸਾਰੀ ਪਬਲਿਕ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ | ਪੰਜਾਬ ਸਰਕਾਰ ਸਰਕਾਰੀ ਵਿਭਾਗਾਂ ਦਾ ਭੋਗ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ | ਸੀਨੀਅਰ ਮੀਤ ਪ੍ਰਧਾਨ ਗੁਰਵਿੰਦਰ ਸਿੰਘ, ਹਰਭਜਨ ਸਿੰਘ, ਰਣਬੀਰ ਸਿੰਘ, ਜਗਨਦੀਪ ਸਿੰਘ, ਮਨਵੀਰ ਸਿੰਘ ਨੇ ਕਿਹਾ ਕਿ ਜੇਕਰ ਪਨਬਸ, ਪੀ. ਆਰ. ਟੀ. ਸੀ. ਦੇ ਕੱਚੇ ਮੁਲਾਜ਼ਮਾਂ ਦੀ ਮੰਗਾ ਨਾ ਮੰਨੀਆਂ ਅਤੇ ਸੰਗਰੂਰ ਜੇਲ੍ਹ 'ਚ ਨਾਜਾਇਜ਼ ਬੰਦ ਸਾਥੀਆ ਨੂੰ ਤੁਰੰਤ ਰਿਹਾਅ ਨਹੀਂ ਕੀਤਾ ਗਿਆ ਤਾਂ 9 ਜਨਵਰੀ ਨੂੰ ਸੰਗਰੂਰ ਬੱਸ ਅੱਡੇ ਵਿਖੇ ਸ਼ਾਂਤਮਈ ਭਾਰੀ ਵਿਸ਼ਾਲ ਕਨਵੈੱਨਸ਼ਨ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ |