ਫ਼ਾਜ਼ਿਲਕਾ, 6 ਜਨਵਰੀ (ਦਵਿੰਦਰ ਪਾਲ ਸਿੰਘ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਅਗਵਾਈ 'ਚ ਬਿਜਲੀ ਬਿੱਲ 'ਤੇ ਬੀਜ ਬਿੱਲ 2025 ਖ਼ਿਲਾਫ਼ ਕਿਸਾਨਾਂ ਨੂੰ ਲਾਮਬੰਦ ਕਰਨ ਲਈ ਸਰਹੱਦੀ ਪਿੰਡਾਂ 'ਚ ਬੀ. ਕੇ. ਯੂ. (ਉਗਰਾਹਾਂ) ਵਲੋਂ ਮੋਟਰਸਾਈਕਲ ਮਾਰਚ ਕੱਢਿਆ ਕੀਤਾ, ਜਿਸ 'ਚ ਹੜ੍ਹ ਪੀੜਤ ਪਿੰਡਾਂ ਦੇ ਕਿਸਾਨ ਵੱਡੀ ਗਿਣਤੀ 'ਚ ਸ਼ਾਮਿਲ ਹੋਏ | ਮਾਰਚ ਦੀ ਅਗਵਾਈ ਉਗਰਾਹਾਂ ਜਥੇਬੰਦੀ ਦੇ ਸਥਾਨਕ ਆਗੂਆਂ ਬਲਜੀਤ ਬਰਾੜ ਕੋਕਰੀ, ਮਨਜੀਤ ਸਿੰਘ ਘੱਟਿਆਵਾਲੀ, ਗੁਰਵਿੰਦਰ ਸਿੰਘ ਸੰਘਾ ਚੱਕ ਜਾਨੀ ਸਰ, ਚਰਨਜੀਤ ਸਿੰਘ ਬਰਾੜ ਪਿੰਡ ਜੰਡਵਾਲਾ ਤੇ ਗੁਰਮੇਲ ਸਿੰਘ ਮਾਹੂਆਣਾ ਨੇ ਕੀਤੀ | ਮੋਟਰਸਾਈਕਲ ਮਾਰਚ ਦੌਰਾਨ ਗੁਲਾਬਾਂ ਭੈਣੀ, ਢਾਣੀ ਸੱਦਾ ਸਿੰਘ ਰੇਤੇ ਵਾਲੀ ਭੈਣੀ, ਝੰਗੜ ਭੈਣੀ, ਗੱਟੀ ਨੰਬਰ 1, ਮਹਾਤਮ ਨਗਰ, ਲਾਭ ਸਿੰਘ ਭੈਣੀ, ਦੋਨਾਂ ਨਾਨਕਾ , ਚੱਕ ਰੁਹੇਲਾ, ਤੇਜਾ ਰੁਹੇਲਾ, ਮੌਜਮ, ਸਲੇਮਸ਼ਾਹ, ਗਾਗਨ ਕੇ, ਗੰਜੂ ਹਸਤਾ, ਸ਼ਮਸ਼ਾਬਾਦ ਆਦਿ ਪਿੰਡਾਂ 'ਚ ਹੋਏ ਇਕੱਠਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਆਖਿਆ ਕਿ ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਇਹ ਦੋਵੇਂ ਬਿੱਲ ਲੋਕ ਵਿਰੋਧੀ ਹਨ | ਜਿਹੜੇ ਕਿਸਾਨਾਂ, ਮਜ਼ਦੂਰਾਂ ਨੂੰ ਮਿਲਣ ਵਾਲੀਆਂ ਤੁੱਛ ਸਹੂਲਤਾਂ ਨੂੰ ਵੀ ਖ਼ਤਮ ਕਰ ਦੇਣਗੇ | ਉਨ੍ਹਾਂ ਸਪਸ਼ਟ ਕੀਤਾ ਕਿ ਸਰਕਾਰ ਅਸਲ 'ਚ ਬਿਜਲੀ ਨੂੰ ਮੁਕੰਮਲ ਤੌਰ 'ਤੇ ਕਾਰਪੋਰੇਟ ਕੰਪਨੀਆਂ ਨੂੰ ਸੌਂਪਣਾ ਚਾਹੁੰਦੀ ਹੈ, ਜਿਸ ਨਾਲ ਮਹਿੰਗੀ ਬਿਜਲੀ ਸਪਲਾਈ ਕਰਕੇ ਕਿਸਾਨੀ ਨੂੰ ਕੰਗਾਲ ਕਰਕੇ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਨੂੰ ਸੌਂਪੀਆਂ ਜਾ ਸਕਣ | ਕਿਸਾਨ ਆਗੂਆਂ ਨੇ ਬੀਜ ਬਿੱਲ ਬਾਰੇ ਬੋਲਦਿਆਂ ਆਖਿਆ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਖੇਤਾਂ 'ਚ ਬੀਜਣ ਲਈ ਮਹਿੰਗਾ, ਮਾੜਾ ਤੇ ਮਨ ਮਰਜ਼ੀ ਦਾ ਬੀਜ ਸਪਲਾਈ ਕਰਕੇ ਕਿਸਾਨਾਂ ਤੋਂ ਰੋਟੀ ਰੋਜ਼ੀ ਖੋਹਣਾ ਚਾਹੁੰਦੀ ਹੈ | ਜਿਸ ਨੂੰ ਕਿਸੇ ਵੀ ਹਾਲਤ 'ਚ ਸਵੀਕਾਰ ਨਹੀਂ ਕੀਤਾ ਜਾਵੇਗਾ | ਉਨ੍ਹਾਂ ਐਲਾਨ ਕੀਤਾ ਕਿ ਇਨ੍ਹਾਂ ਕਾਲੇ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਨੂੰ ਭਖਾਉਣ ਲਈ ਹਰ ਕਿਸਾਨ ਦੇ ਘਰ ਤੱਕ ਪਹੁੰਚ ਕੀਤੀ ਜਾਵੇਗੀ | ਕਿਸਾਨ ਆਗੂਆਂ ਨੇ ਆਖਿਆ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ ਦੋਵਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ 16 ਜਨਵਰੀ ਨੂੰ ਫ਼ਾਜ਼ਿਲਕਾ ਵਿਖੇ ਦਿੱਤੇ ਜਾ ਰਹੇ ਵਿਸ਼ਾਲ ਰੋਸ ਧਰਨੇ ਦੀ ਸਫਲਤਾ ਲਈ ਪਿੰਡ ਪਿੰਡ ਮੀਟਿੰਗਾਂ, ਮਾਰਚ ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ |