ਫ਼ਾਜ਼ਿਲਕਾ, 27 ਜਨਵਰੀ (ਦਵਿੰਦਰ ਪਾਲ ਸਿੰਘ)-ਆਲ ਇੰਡੀਆ ਬੈਂਕ ਅਫ਼ਸਰ ਅਤੇ ਇੰਪਲਾਈਜ਼ ਯੂਨੀਅਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਫ਼ਾਜ਼ਿਲਕਾ ਸ਼ਹਿਰ ਅੰਦਰ ਸਾਰੇ ਰਾਸ਼ਟਰੀ ਬੈਂਕ ਬੰਦ ਰਹੇ | ਬੈਂਕਾਂ ਵਿਚ ਕਿਸੇ ਕਿਸਮ ਦਾ ਕੋਈ ਲੈਣ ਦੇਣ ਨਹੀਂ ਹੋਇਆ | ਫ਼ਾਜ਼ਿਲਕਾ ਦੇ ਸਮੂਹ ਰਾਸ਼ਟਰੀ ਬੈਂਕਾਂ ਦੇ ਅਫ਼ਸਰਾਂ 'ਤੇ ਮੁਲਾਜ਼ਮਾਂ ਨੇ ਇਕੱਠੇ ਹੋ ਕੇ ਸਥਾਨਕ ਚੌਂਕ ਘੰਟਾਘਰ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ | ਇਸ ਮੌਕੇ 'ਤੇ ਵੱਖ-ਵੱਖ ਆਗੂਆਂ ਰੋਹਿਤ ਕਟਾਰੀਆ ਜ਼ੋਨਲ ਸੈਕਟਰੀ ਸਟੇਟ ਬੈਂਕ ਆਫ਼ ਇੰਡੀਆ, ਰਾਕੇਸ਼ ਕੰਬੋਜ ਰਿਜਨਲ ਸੈਕਟਰੀ ਆਫ਼ੀਸਰ ਐਸੋਸੀਏਸ਼ਨ ਐੱਸ.ਬੀ.ਆਈ, ਰਮੇਸ਼ ਕੁਮਾਰ ਮੈਂਬਰ ਕਾਰਜਕਾਰਨੀ ਯੂਕੋ ਬੈਂਕ, ਅੰਕੁਸ਼ ਰਾਏ ਸਰਕਲ ਸਕੱਤਰ ਪੰਜਾਬ ਨੈਸ਼ਨਲ ਬੈਂਕ ਆਦਿ ਨੇ ਮੰਗ ਕੀਤੀ ਕਿ ਬੈਂਕਾਂ ਅੰਦਰ ਹਫ਼ਤਾ 5 ਦਿਨਾਂ ਦਾ ਕੀਤਾ ਜਾਵੇ, ਉਨ੍ਹਾਂ ਕਿਹਾ ਕਿ ਪਹਿਲਾ ਕੇਂਦਰ ਸਰਕਾਰ ਦੇ ਕਈ ਦਫ਼ਤਰਾਂ ਵਿਚ ਹਫ਼ਤਾ 5 ਦਿਨਾਂ ਦਾ ਹੈ | ਉਨ੍ਹਾਂ ਮੰਗ ਕੀਤੀ ਕਿ ਬੈਂਕਾਂ ਅੰਦਰ ਅਸਾਮੀਆਂ ਖ਼ਾਲੀ ਪਈਆਂ ਹਨ, ਕੰਮਕਾਜ ਪ੍ਰਭਾਵਿਤ ਹੋ ਰਹੇ ਹਨ, ਮੁਲਾਜ਼ਮਾਂ ਨੂੰ ਲੋੜ ਤੋਂ ਵੱਧ ਕੰਮ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਬੈਂਕਾਂ ਅੰਦਰ ਨਵੀਂ ਭਰਤੀ ਤੁਰੰਤ ਕੀਤੀ ਜਾਵੇ | ਜੇਕਰ ਉਨ੍ਹਾਂ ਦੀਆਂ ਹੋਰ ਕਈ ਮੰਗਾਂ ਵੀ ਨਾ ਮੰਨੀਆਂ ਤਾਂ ਉਹ ਤੇਜ਼ ਸੰਘਰਸ਼ ਕਰਨ ਲਈ ਮਜਬੂਰ ਹੋਣਗੇ |