ਜਲਾਲਾਬਾਦ, 27 ਜਨਵਰੀ (ਕਰਨ ਚੁਚਰਾ)-ਦੇਸ਼ ਭਰ ਵਿਚ 77ਵਾਂ ਗਣਤੰਤਰ ਦਿਵਸ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ | ਥਾਂ ਥਾਂ 'ਤੇ ਤਹਿਸੀਲ ਪੱਧਰ 'ਤੇ ਸਮਾਗਮਾਂ ਦਾ ਆਯੋਜਨ ਕੀਤਾ ਗਿਆ | ਜਿਸ ਨੂੰ ਦੇਖਣ ਲਈ ਲੋਕਾਂ ਵਿਚ ਬਹੁਤ ਜ਼ਿਆਦਾ ਉਤਸ਼ਾਹ ਸੀ, ਪਰ ਜਲਾਲਾਬਾਦ ਤਹਿਸੀਲ ਵਿਖੇ ਭਾਵੇਂ ਸਮਾਗਮ ਤਾਂ ਕੀਤੇ ਗਏ, ਪਰ ਇਹ ਕਿਸੇ ਰਸਮ ਤੋਂ ਘੱਟ ਨਹੀਂ ਸਨ | ਤਹਿਸੀਲ ਪੱਧਰੀ ਸਮਾਗਮਾਂ 'ਚ 9:58 ਵਜੇ ਕੌਮੀ ਝੰਡਾ ਲਹਿਰਾਇਆ ਗਿਆ ਅਤੇ ਚੰਦ ਮਿੰਟਾਂ ਵਿਚ ਹੀ ਸਮਾਗਮ ਸਮਾਪਤੀ ਵੱਲ ਹੋ ਤੁਰਿਆ | ਜਿਸ ਦਾ ਤਰਕ ਇਹ ਦਿੱਤਾ ਗਿਆ ਕਿ ਫ਼ਾਜ਼ਿਲਕਾ ਵਿਖੇ ਸੂਬਾ ਪੱਧਰੀ ਸਮਾਗਮ ਕੀਤੇ ਗਏ ਹਨ | ਸੂਬਾ ਪੱਧਰੀ ਸਮਾਗਮ ਆਪਣੀ ਥਾਂ 'ਤੇ ਤਹਿਸੀਲ ਪੱਧਰੀ ਸਮਾਗਮ ਆਪਣੀ ਥਾਂ 'ਤੇ ਇਸ ਗੱਲ ਦੀ ਖੰੂਡ ਚਰਚਾ ਪੂਰੇ ਜਲਾਲਾਬਾਦ 'ਚ ਹੁੰਦੀ ਰਹੀ | ਤਹਿਸੀਲ ਪੱਧਰੀ ਸਮਾਗਮਾਂ 'ਚ ਤਹਿਸੀਲਦਾਰ ਵਲੋਂ ਕੌਮੀ ਝੰਡਾ ਲਹਿਰਾਇਆ ਗਿਆ, ਰਾਸ਼ਟਰੀ ਗਾਣ ਹੋਇਆ ਅਤੇ ਬਿਨਾਂ ਕਿਸੇ ਪ੍ਰੋਗਰਾਮ ਦੇ ਇਹ ਸਮਾਗਮ ਸਮਾਪਤ ਕਰ ਦਿੱਤੇ ਗਏ | ਜਿਸ ਦੀ ਚਹੰੁ ਤਰਫ਼ੋਂ ਚਰਚਾ ਹੁੰਦੀ ਰਹੀ | ਲੋਕਾਂ ਦਾ ਕਹਿਣਾ ਸੀ ਕਿ ਸਾਲ ਬਾਅਦ ਆਉਂਦੇ ਕੌਮੀ ਤਿਉਹਾਰ ਨੂੰ ਦੇਖਣ ਦਾ ਬੱਚਿਆਂ ਵਿਚ ਚਾਅ ਹੁੰਦਾ ਹੈ | ਉਹ ਵੀ ਇਸ ਵਾਰ ਖੁੱਸ ਗਿਆ |