ਜਲਾਲਾਬਾਦ, 27 ਜਨਵਰੀ (ਹਰਪ੍ਰੀਤ ਸਿੰਘ ਪਰੂਥੀ)-ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਦੀ ਬਰਾਂਚ ਜਲਾਲਾਬਾਦ ਵਲੋਂ ਬਰਾਂਚ ਪ੍ਰਧਾਨ ਰਾਕੇਸ਼ ਸਿੰਘ ਹੀਰੇਵਾਲਾ ਦੀ ਅਗਵਾਈ ਹੇਠ ਜਲ ਸਪਲਾਈ ਦਫ਼ਤਰ ਗੁੰਮਾਨੀਵਾਲਾ ਵਿਖੇ ਮੀਟਿੰਗ ਕੀਤੀ ਗਈ | ਜਿਸ 'ਚ ਸੂਬਾ ਪੈੱ੍ਰਸ ਸਕੱਤਰ ਸਤਨਾਮ ਸਿੰਘ ਫਲੀਆਵਾਲਾ, ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਆਲਮ ਕੇ, ਦਫ਼ਤਰੀ ਸਟਾਫ਼ ਤੋਂ ਸੂਬਾਈ ਆਗੂ ਸੁਖਚੈਨ ਸਿੰਘ ਸੋਢੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਫ਼ੀਲਡ ਅਤੇ ਦਫ਼ਤਰ ਵਿਚ ਸੇਵਾਵਾਂ ਦੇ ਰਹੇ ਇਨਲਿਸਟਮੈਂਟ ਅਤੇ ਆਊਟ ਸੋਰਸ ਕਾਮਿਆਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ 7 ਫਰਵਰੀ ਨੂੰ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਵਿੱਤ ਮੰਤਰੀ ਦੇ ਹਲਕੇ ਦਿੜ੍ਹਬਾ ਦੀ ਅਨਾਜ ਮੰਡੀ ਵਿਚ ਹੋ ਰਹੀ ਪੰਜਾਬ ਪੱਧਰੀ ਰੈਲੀ ਵਿਚ ਸ਼ਾਮਿਲ ਹੋਣ ਦਾ ਫ਼ੈਸਲਾ ਕੀਤਾ ਗਿਆ | ਇਸ ਮੌਕੇ ਆਗੂਆਂ ਨੇ ਕਿਹਾ ਕਿ ਸਾਲਾਂ-ਬੱਧੀ ਅਰਸ਼ੇ ਤੋਂ ਇਕ ਵਰਕਰ ਦੇ ਰੂਪ ਵਿਚ ਪੇਂਡੂ ਜਲ ਸਪਲਾਈ ਸਕੀਮਾਂ ਅਤੇ ਦਫ਼ਤਰਾਂ ਵਿਚ ਲਗਾਤਾਰ ਸੇਵਾਵਾਂ ਦੇ ਰਹੇ ਇਨਲਿਸਟਮੈਂਟ ਅਤੇ ਆਊਟ ਸੋਰਸ ਵਰਕਰਾਂ ਨੂੰ ਸਿੱਧਾ ਵਿਭਾਗ 'ਚ ਸ਼ਾਮਲ ਕਰਨ ਵਾਲੀ ਤਜਵੀਜ਼ (ਪਾਲਿਸੀ) ਲਾਗੂ ਕਰਕੇ ਪੱਕਾ ਰੁਜ਼ਗਾਰ ਕਰਨ ਵਾਲੀ ਪ੍ਰਮੁੱਖ ਮੰਗ ਦਾ ਹੱਲ ਕਰਨ ਵਿਚ ਪੰਜਾਬ ਸਰਕਾਰ ਅਤੇ ਵਿਭਾਗੀ ਮੈਨੇਜਮੈਂਟ ਵੱਲੋਂ ਅਣਦੇਖੀ ਕੀਤੀ ਜਾ ਰਹੀ ਹੈ ਉੱਥੇ ਪੰਜਾਬ ਅਤੇ ਉਪ ਮੰਡਲ ਜਲਾਲਾਬਾਦ ਵਿਚ ਜਲ ਸਪਲਾਈ ਸਕੀਮਾਂ 'ਤੇ ਸਕਾਡਾ ਸਿਸਟਮ ਲਗਾ ਕੇ, ਬਲਾਕ ਪੱਧਰੀ ਨਹਿਰੀ ਪ੍ਰੋਜੈਕਟ ਲਗਾ ਕੇ, ਨਿੱਜੀਕਰਨ/ਪੰਚਾਇਤੀਕਰਨ ਕਰਨ ਵਰਗੀਆਂ ਤਮਾਮ ਮਾਰੂ ਨੀਤੀਆਂ ਲਾਗੂ ਕਰਕੇ ਵਰਕਰਾਂ ਦੇ ਕੱਚੇ ਪਿੱਲੇ ਰੁਜ਼ਗਾਰ ਨੂੰ ਖੋਹ ਕੇ ਬੇਰੁਜ਼ਗਾਰ ਕਰਨ ਦੀਆਂ ਨਾਕਾਮ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | ਇਸ ਦੇ ਨਾਲ ਹੀ ਲੋਕਾਂ ਨੂੰ ਪੀਣ ਵਾਲਾ ਪਾਣੀ ਮਹਿੰਗੇ ਮੁੱਲ 'ਚ ਵੇਚਣ ਲਈ ਕਾਰਪੋਰੇਟਾਂ ਨੂੰ ਖੁੱਲ੍ਹ ਦਿੱਤੀ ਜਾ ਰਹੀ ਹੈ | ਇਸ ਦੇ ਨਾਲ ਹੀ ਜਲਾਲਾਬਾਦ ਇਲਾਕੇ ਦੀਆਂ ਜਲ ਸਪਲਾਈ ਸਕੀਮਾਂ ਨੂੰ ਚਾਲੂ ਹਾਲਤ ਵਿਚ ਰੱਖਣ ਲਈ ਰਿਪੇਅਰ ਦੇ ਕੰਮ ਕਰਵਾਉਣ ਵਿਚ ਅਫ਼ਸਰਸ਼ਾਹੀ ਵਲੋਂ ਅਣਦੇਖੀ ਕੀਤੀ ਜਾ ਰਹੀ ਹੈ ਅਤੇ ਲੀਕੇਜ ਕਰਵਾਉਣ ਲਈ ਲੋੜੀਂਦਾ ਸਮਾਨ ਮੁਹੱਈਆ ਨਹੀਂ ਕਰਵਾਇਆ ਜਾਂਦਾ ਹੈ, ਜਿਸ ਦੇ ਚੱਲਦੇ ਵਾਟਰ ਸਪਲਾਈ ਸਕੀਮਾਂ ਨੂੰ ਚਾਲੂ ਰੱਖ ਕੇ ਲੋਕਾਂ ਤੱਕ ਪੀਣ ਵਾਲਾ ਪਾਣੀ ਦੀ ਸਹੂਲਤ ਜਾਰੀ ਰੱਖਣ ਲਈ ਇਨਲਿਸਟਮੈਂਟ ਅਤੇ ਆਊਟ ਸੋਰਸ ਵਰਕਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਮਜਬੂਰੀ ਵੱਸ ਵਰਕਰ ਆਪਣੇ ਪਲਿਓ ਪੈਸੇ ਲਗਾ ਕੇ ਰਿਪੇਅਰ ਦੇ ਕੰਮ ਕਰਵਾ ਰਹੇ ਹਨ, ਦੂਜੇ ਪਾਸੇ ਜਲ ਸਪਲਾਈ ਸਕੀਮਾਂ ਦਾ ਪੰਚਾਇਤੀਕਰਨ/ ਨਿੱਜੀਕਰਨ ਵਾਲੀਆਂ ਨੀਤੀਆਂ ਨੂੰ ਜ਼ੋਰ ਸ਼ੋਰ ਨਾਲ ਲਾਗੂ ਕੀਤੀਆਂ ਜਾ ਰਹੀਆਂ ਹਨ, ਜਿਸ ਦੇ ਵਿਰੋਧ 'ਚ ਮਜਬੂਰੀ ਵੱਸ ਵਰਕਰ ਆਪਣੇ ਕੱਚੇ-ਪਿੱਲੇ ਰੁਜ਼ਗਾਰ ਨੂੰ ਬਚਾਉਣ ਲਈ ਸੰਘਰਸ਼ ਦੇ ਰਾਹ ਤੁਰੇ ਹੋਏ ਹਨ | ਯੂਨੀਅਨ ਦੀ ਬਰਾਂਚ ਕਮੇਟੀ ਵੱਲੋਂ ਪੰਚਾਇਤੀਕਰਨ ਦੇ ਵਿਰੋਧ ਵਿਚ ਅਤੇ ਹੋਰ ਮੰਗਾਂ-ਮਸਲਿਆਂ ਨੂੰ ਲੈ ਕੇ 3 ਫਰਵਰੀ 2026 ਨੂੰ ਜਲ ਸਪਲਾਈ ਅਤੇ ਸੈਨੀਟੇਸ਼ਨ ਉਪ ਮੰਡਲ ਜਲਾਲਾਬਾਦ ਦੇ ਐਸ.ਡੀ.ਓ. ਦਫ਼ਤਰ ਦਾ ਘਿਰਾਓ ਕਰਕੇ ਧਰਨਾ ਦਿੱਤਾ ਜਾਵੇਗਾ |