ਫ਼ਾਜ਼ਿਲਕਾ, 28 ਜਨਵਰੀ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਪ੍ਰਸ਼ਾਸਨ ਫ਼ਾਜ਼ਿਲਕਾ ਵਲੋਂ ਮਨਾਏ ਜਾ ਰਹੇ ਕੌਮੀ ਸੜਕ ਸੁਰੱਖਿਆ ਮਹੀਨਾ ਦੇ ਮੱਦੇਨਜ਼ਰ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਵਲੋਂ ਚਲਾਈ ਜਾ ਰਹੀ ਲਾਇਬ੍ਰੇਰੀ ਵਿਖੇ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਜਾਗਰੂਕਤਾ ਪੋਸਟਰ ਰਾਹੀਂ ਸੜਕੀ ਨਿਯਮਾਂ ਦਾ ਪਾਲਣ ਕਰਨ ਬਾਰੇ ਪ੍ਰੇਰਿਤ ਕੀਤਾ ਗਿਆ | ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਦੇ ਸਕੱਤਰ ਸੰਜੀਵ ਸੇਠੀ ਨੇ ਵਿਦਿਆਰਥੀਆਂ ਨੂੰ ਜਾਗਰੂਕ ਕਰਦਿਆਂ ਦੱਸਿਆ ਕਿ 18 ਸਾਲ ਦੀ ਉਮਰ ਪੂਰੀ ਕਰਨ 'ਤੇ ਲਾਇਸੈਂਸ ਬਣਵਾਉਣ ਉਪਰੰਤ ਹੀ ਵਹੀਕਲ ਚਲਾਇਆ ਜਾਵੇ | ਉਨ੍ਹਾਂ ਕਿਹਾ ਕਿ ਛੋਟੀ ਉਮਰੇ ਵਹੀਕਲ ਚਲਾਉਣ ਨਾਲ ਅਸੀਂ ਖ਼ੁਦ ਦੇ ਨਾਲ ਨਾਲ ਆਪਣੇ ਸਾਹਮਣੇ ਵਾਲੇ ਦੀ ਵੀ ਜਾਨ ਜੋਖ਼ਮ ਵਿਚ ਪਾ ਸਕਦੇ ਹਾਂ | ਇਸ ਤੋਂ ਇਲਾਵਾ ਆਪਣੇ ਵਹੀਕਲ ਦੀ ਗਤੀ ਹੋਲੀ ਹੋਣੀ ਚਾਹੀਦੀ ਹੈ ਅਤੇ ਹੈਲਮਟ ਦੀ ਵਰਤੋਂ ਵੀ ਲਾਜ਼ਮੀ ਕਰਨੀ ਚਾਹੀਦੀ ਹੈ | ਵਾਹਨ ਚਲਾਉਂਦੇ ਸਮੇਂ ਮੋਬਾਈਲ ਦੀ ਵਰਤੋਂ ਨਾ ਕੀਤੀ ਜਾਵੇ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਵਲੋਂ ਮੁੱਢਲੀ ਸਹਾਇਤਾ (ਫ਼ਸਟ-ਏਡ) ਦੀ ਸਿਖਲਾਈ ਮੁਹੱਈਆ ਕਰਵਾਈ ਜਾਂਦੀ ਹੈ | ਸਿਖਲਾਈ ਦੌਰਾਨ ਨੌਜਵਾਨਾਂ ਨੂੰ ਕਿਸੇ ਸੜਕ ਦੁਰਘਟਨਾ ਜਾਂ ਹੋਰ ਹਾਦਸੇ ਦੇ ਪੀੜਤਾਂ ਦੀ ਮਦਦ ਲਈ ਡਾਕਟਰੀ ਸਹਾਇਤਾ ਜਾਂ ਇਲਾਜ ਤੋਂ ਪਹਿਲਾਂ ਦਿੱਤੀ ਜਾਂਦੀ ਮੁੱਢਲੀ ਸਹਾਇਤਾ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਮੁਢਲੀ ਸਹਾਇਤਾ (ਫ਼ਸਟ-ਏਡ) ਦੀ ਟਰੇਨਿੰਗ ਡਰਾਈਵਰਾਂ, ਕੰਡਕਟਰਾਂ ਅਤੇ ਵੱਖ-ਵੱਖ ਤਰ੍ਹਾਂ ਦੀ ਇੰਡਸਟਰੀਜ਼/ਸ਼ੈਲਰਾਂ ਅਤੇ ਸਕੂਲ ਕਾਲਜਾਂ ਦੇ ਮੁਲਾਜ਼ਮਾਂ/ਵਿਦਿਆਰਥੀਆਂ ਵਾਸਤੇ ਆਪਾਤਕਾਲੀਨ ਸਥਿਤੀ ਵਿਚ ਸਹਾਇਤਾ ਕਰਦੀ ਹੈ | ਉਨ੍ਹਾਂ ਕਿਹਾ ਕਿ ਟਰੇਨਿੰਗ ਪ੍ਰਾਪਤ ਕਰਕੇ ਨੌਜਵਾਨ ਰੋਜ਼ੀ ਰੋਟੀ ਕਮਾਉਣ ਦੇ ਨਾਲ-ਨਾਲ ਕਿਸੇ ਵਿਅਕਤੀ ਦੀ ਜਾਨ ਬਚਾਉਣ ਦੇ ਵੀ ਕਾਬਲ ਬਣ ਸਕਦੇ ਹਨ | ਉਨ੍ਹਾਂ ਕਿਹਾ ਕਿ ਇਹ ਸਿਖਲਾਈ ਵਾਪਰ ਰਹੀਆਂ ਦੁਰਘਟਨਾਵਾਂ ਨੂੰ ਕੰਟਰੋਲ ਕਰਨ ਵਿਚ ਅਹਿਮ ਰੋਲ ਅਦਾ ਕਰਦੀ ਹੈ |