ਸੰਗਰੂਰ, 28 ਜਨਵਰੀ (ਸੁਖਵਿੰਦਰ ਸਿੰਘ ਫੁੱਲ) - ਸਥਾਨਕ ਸਿਵਲ ਹਸਪਤਾਲ ਵਿਚ ਡਾਇਲਸਿਜ ਮਸ਼ੀਨਾਂ ਅਤੇ ਸਟਾਫ਼ ਦੀ ਘਾਟ ਕਾਰਨ ਮਰੀਜ਼ਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ | ਇਸ ਸਬੰਧੀ ਜਦ ਸਿਵਲ ਸਰਜਨ ਸੰਗਰੂਰ ਡਾ. ਅਮਰਜੀਤ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਹਸਪਤਾਲ ਵਿਚ 5 ਡਾਇਲਸਿਜ ਮਸ਼ੀਨਾਂ ਹਨ ਜਿਨ੍ਹਾਂ ਵਿਚੋਂ 2 ਖ਼ਰਾਬ ਚੱਲ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਪੰਜਾਬ ਦੇ ਵਿੱਤ, ਯੋਜਨਾ, ਕਰ ਅਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੱਲ੍ਹ ਅਚਾਨਕ ਸਥਾਨਕ ਸਿਵਲ ਹਸਪਤਾਲ ਦਾ ਦੌਰਾ ਕੀਤਾ ਅਤੇ ਇਸ ਮੌਕੇ ਸ੍ਰੀ ਚੀਮਾ ਨੂੰ ਹਸਪਤਾਲ ਦੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ ਗਿਆ | ਸ੍ਰੀ ਚੀਮਾ ਨੇ ਹਸਪਤਾਲ ਲਈ 2 ਹੋਰ ਡਾਇਲਸਿਜ ਮਸ਼ੀਨਾਂ ਅਤੇ ਇੱਕ ਆਰਥੋ ਓ.ਟੀ ਟੇਬਲ ਭੇਜਣ ਦਾ ਵਿਸ਼ਵਾਸ ਦਿਵਾਇਆ | ਸ੍ਰੀ ਚੀਮਾ ਨੇ ਦੱਸਿਆ ਕਿ ਇਸ ਹਸਪਤਾਲ ਵਿਚ ਸਟਾਫ਼ ਨਰਸਾਂ ਦੀ ਚੱਲ ਰਹੀ ਘਾਟ ਵੀ ਜਲਦ ਪੂਰੀ ਕੀਤੀ ਜਾਵੇਗੀ | ਸ੍ਰੀ ਚੀਮਾ ਨੇ ਹਸਪਤਾਲ ਸਥਿਤ ਆਯੁਰਵੈਦਿਕ ਡਿਸਪੈਂਸਰੀ ਦੀਆਂ ਸਮੱਸਿਆਵਾਂ ਵੀ ਤੁਰੰਤ ਹੱਲ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ |