ਜਲਾਲਾਬਾਦ, 28 ਜਨਵਰੀ (ਜਤਿੰਦਰ ਪਾਲ ਸਿੰਘ)- ਸ੍ਰੀ ਰਾਮ ਸ਼ਰਣਮ ਆਸ਼ਰਮ ਗੋਹਾਣਾ ਵਿਖੇ ਕਰਵਾਏ ਗਏ ਤਿੰਨ ਰੋਜ਼ਾ ਵਿਸ਼ੇਸ਼ ਸੇਵਾ ਕੈਂਪ 'ਚ ਜਲਾਲਾਬਾਦ ਦੇ 40 ਤੋਂ ਵੱਧ ਸਾਧਕਾਂ ਨੇ ਹਿੱਸਾ ਲੈ ਕੇ ਨਿਰਸਵਾਰਥ ਸੇਵਾ ਦੀ ਮਿਸਾਲ ਪੇਸ਼ ਕੀਤੀ ¢ ਬੁੱਧਵਾਰ ਨੂੰ ਸੇਵਾ ਦੀ ਸੰਪੂਰਨਤਾ ਦੇ ਮੌਕੇ 'ਤੇ ਗੁਰੂ ਮਹਾਰਾਜ ਨੇ ਖ਼ੁਦ ਸਤਿਸੰਗ ਹਾਲ ਦੇ ਬਾਹਰ ਦਰਸ਼ਨ ਦੇ ਕੇ ਸਾਧਕਾਂ ਨੂੰ ਆਪਣਾ ਅਸ਼ੀਰਵਾਦ ਪ੍ਰਦਾਨ ਕੀਤਾ¢ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜਲਾਲਾਬਾਦ ਆਸ਼ਰਮ ਦੇ ਮੁਖੀ ਅਸ਼ੋਕ ਕੁਮਾਰ ਅਨੇਜਾ ਨੇ ਦੱਸਿਆ ਕਿ ਜਲਾਲਾਬਾਦ ਆਸ਼ਰਮ ਤੋਂ ਗਏ ਸਾਧਕ ਭੈਣ-ਭਰਾਵਾਂ ਨੇ ਸਿਰਫ਼ ਮਿਹਨਤ ਹੀ ਨਹੀਂ ਕੀਤੀ, ਸਗੋਂ 'ਸੇਵਾ ਹੀ ਸਾਧਨਾ' ਦੇ ਮੰਤਰ ਨੂੰ ਸਾਰਥਿਕ ਕੀਤਾ¢ ਇਨ੍ਹਾਂ ਤਿੰਨ ਦਿਨਾਂ ਦੌਰਾਨ ਸਾਧਕਾਂ ਨੇ ਭੰਡਾਰੇ ਦੀ ਵਿਵਸਥਾ ਤੋਂ ਲੈ ਕੇ ਆਸ਼ਰਮ ਦੀ ਮੁਕੰਮਲ ਸਾਫ਼-ਸਫ਼ਾਈ ਤੱਕ ਦੇ ਕਾਰਜਾਂ ਨੂੰ ਬੜੀ ਸ਼ਰਧਾ ਅਤੇ ਅਨੁਸ਼ਾਸਨ ਨਾਲ ਨਿਭਾਇਆ¢ ਸੇਵਾ ਦੇ ਨਾਲ-ਨਾਲ ਰਾਮ ਨਾਮ ਦੇ ਨਿਰੰਤਰ ਜਾਪ ਨੇ ਪੂਰੇ ਵਾਤਾਵਰਨ ਨੂੰ ਰਸ ਭਿੰਨਾ ਬਣਾਈ ਰੱਖਿਆ¢ ਕੈਂਪ ਦੇ ਸਮਾਪਤੀ 'ਤੇ ਗੁਰੂ ਮਹਾਰਾਜ ਸਤਿਸੰਗ ਹਾਲ ਦੇ ਬਾਹਰ ਸੰਗਤ 'ਚ ਆਏ ਅਤੇ ਮਾਹੌਲ ਬਹੁਤ ਭਾਵੁਕ ਅਤੇ ਅਧਿਆਤਮਿਕ ਹੋਇਆ¢ ਗੁਰੂ ਮਹਾਰਾਜ ਨੇ ਸਾਧਕਾਂ ਦੇ ਧੀਰਜ ਅਤੇ ਨਿਸ਼ਠਾ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਨਾਮ-ਸਿਮਰਨ ਅਤੇ ਪਰਉਪਕਾਰ ਦੇ ਮਾਰਗ 'ਤੇ ਅਟੱਲ ਰਹਿਣ ਦੀ ਪ੍ਰੇਰਨਾ ਦਿੱਤੀ |