ਜਲਾਲਾਬਾਦ, 5 ਫਰਵਰੀ (ਹਰਪ੍ਰੀਤ ਸਿੰਘ ਪਰੂਥੀ)-ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਜਲਾਲਾਬਾਦ ਵਲੋਂ ਸਥਾਨਕ ਆਸ਼ਰਮ ਵਿਚ ਸ਼੍ਰੀ ਗੁਰੂ ਰਵਿਦਾਸ ਜੀ ਦੀ ਜਯੰਤੀ ਦੇ ਪਾਵਨ ਦਿਵਸ ਨੂੰ ਸਮਰਪਿਤ ਵਿਸ਼ਾਲ ਸਤਸੰਗ ਪ੍ਰੋਗਰਾਮ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਆਯੋਜਿਤ ਕੀਤਾ ਗਿਆ | ਇਸ ਅਧਿਆਤਮਿਕ ਸਮਾਗਮ 'ਚ ਵੱਡੀ ਗਿਣਤੀ ਵਿਚ ਸੰਗਤ ਨੇ ਭਾਗ ਲਿਆ | ਸਾਧਵੀ ਗੁਰਪ੍ਰੀਤ ਭਾਰਤੀ ਜੀ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਸ਼੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਦਰਸ਼ਨ ਅਤੇ ਉਪਦੇਸ਼ਾਂ 'ਤੇ ਵਿਸਥਾਰ ਨਾਲ ਪ੍ਰਕਾਸ਼ ਪਾਇਆ | ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਨੇ ਸਮਾਜ ਨੂੰ ਇਹ ਸਿਖਲਾਈ ਦਿੱਤੀ ਕਿ ਪ੍ਰਮਾਤਮਾ ਹਰ ਮਨੁੱਖ ਦੇ ਅੰਦਰ ਹੀ ਵੱਸਦਾ ਹੈ ਅਤੇ ਉਸ ਦੀ ਪ੍ਰਾਪਤੀ ਪੂਰਨ ਗੁਰੂ ਦੀ ਕਿਰਪਾ ਨਾਲ ਹੀ ਸੰਭਵ ਹੈ | ਉਨ੍ਹਾਂ ਦੱਸਿਆ ਕਿ ਗੁਰੂ ਰਵਿਦਾਸ ਜੀ ਦੀ ਪਵਿੱਤਰ ਬਾਣੀ ਵਿਚ ਪੂਰਨ ਗੁਰੂ ਦੀ ਭਰਪੂਰ ਮਹਿਮਾ ਗਾਈ ਗਈ ਹੈ, ਰਵਿਦਾਸ ਗੁਰੂ ਮਿਲਿਆ ਜਬ ਤਬ,ਮਿਟ ਗਏ ਸਭ ਦੁੱਖ ਸੰਤਾਪ ਅਤੇ ਦੱਸਿਆ ਕਿ ਇਸ ਬਾਣੀ ਵਿਚ ਗੁਰੂ ਸਾਹਿਬ ਨੇ ਪੂਰਨ ਗੁਰੂ ਦੀ ਮਹਾਨਤਾ ਨੂੰ ਪ੍ਰਗਟ ਕੀਤਾ ਹੈ | ਜਦੋਂ ਮਨੁੱਖ ਨੂੰ ਪੂਰਨ ਗੁਰੂ ਮਿਲ ਜਾਂਦਾ ਹੈ ਤਾਂ ਜੀਵਨ ਦੇ ਦੁੱਖ, ਡਰ ਅਤੇ ਅਗਿਆਨ ਦਾ ਨਾਸ ਹੋ ਜਾਂਦਾ ਹੈ ਅਤੇ ਅੰਦਰ ਪ੍ਰਮਾਤਮਾ ਦਾ ਪ੍ਰਕਾਸ਼ ਪ੍ਰਗਟ ਹੋ ਜਾਂਦਾ ਹੈ | ਉਨ੍ਹਾਂ ਹੋਰ ਦੱਸਿਆ ਕਿ ਗੁਰੂ ਰਵਿਦਾਸ ਜੀ ਦਾ ਮੁੱਖ ਸੰਦੇਸ਼ ਇਹ ਸੀ-Tਮਨ ਚੰਗਾ ਤਉ ਕਠੌਤੀ ਮੈਂ ਗੰਗਾ | ਭਾਵ ਕਿ ਜੇ ਮਨ ਪਵਿੱਤਰ ਹੋ ਜਾਵੇ ਤਾਂ ਪ੍ਰਮਾਤਮਾ ਦੀ ਪ੍ਰਾਪਤੀ ਲਈ ਬਾਹਰੀ ਅਡੰਬਰਾਂ ਦੀ ਲੋੜ ਨਹੀਂ ਰਹਿੰਦੀ | ਸੱਚੀ ਭਗਤੀ, ਨਿਮਰਤਾ ਅਤੇ ਗੁਰੂ ਉਪਦੇਸ਼ ਹੀ ਮਨੁੱਖ ਨੂੰ ਪ੍ਰਭੂ ਨਾਲ ਜੋੜਦੇ ਹਨ | ਸਾਧਵੀ ਕਰਮਾਲੀ ਭਾਰਤੀ ਜੀ ਨੇ ਭਗਤ ਮੀਰਾਂਬਾਈ ਦੇ ਜੀਵਨ ਦਾ ਉੱਲੇਖ ਕਰਦਿਆਂ ਦੱਸਿਆ ਕਿ ਮੀਰਾਂਬਾਈ ਵਲੋਂ ਪੂਰਨ ਸਤਿਗੁਰੂ ਦੀ ਖੋਜ ਅਤੇ ਗੁਰੂ ਰਵਿਦਾਸ ਜੀ ਨਾਲ ਮਿਲਾਪ ਸਾਨੂੰ ਇਹ ਸਿੱਖਿਆ ਦਿੰਦਾ ਹੈ ਕਿ ਗੁਰੂ ਹੀ ਜੀਵ ਨੂੰ ਸੰਸਾਰ ਸਾਗਰ ਤੋਂ ਪਾਰ ਲੰਘਾਉਂਦਾ ਹੈ | ਗੁਰੂ ਰਵਿਦਾਸ ਜੀ ਨੇ ਮੀਰਾਂਬਾਈ ਨੂੰ ਅੰਦਰਲੇ ਨਾਮ ਦੀ ਦਾਤ ਬਖ਼ਸ਼ ਕੇ ਉਸ ਦਾ ਜੀਵਨ ਭਗਤੀ ਰਸ ਨਾਲ ਭਰ ਦਿੱਤਾ | ਸਮਾਗਮ ਦੌਰਾਨ ਸਾਧਵੀ ਪ੍ਰੀਤੀ ਭਾਰਤੀ ਜੀ ਨੇ ਬਹੁਤ ਹੀ ਮਧੁਰ ਭਜਨ ਕੀਰਤਨ ਪੇਸ਼ ਕੀਤਾ | ਭਜਨਾਂ ਰਾਹੀਂ ਗੁਰੂ ਰਵਿਦਾਸ ਜੀ ਦੀ ਬਾਣੀ, ਪੂਰਨ ਗੁਰੂ ਦੀ ਮਹਿਮਾ ਅਤੇ ਨਾਮ ਸਿਮਰਨ ਦੀ ਮਹੱਤਤਾ ਨੂੰ ਭਾਵ ਪੂਰਕ ਢੰਗ ਨਾਲ ਪੇਸ਼ ਕੀਤਾ ਗਿਆ, ਜਿਸ ਨਾਲ ਸੰਗਤ ਭਗਤੀ ਵਿਚ ਲੀਨ ਹੋ ਗਈ | ਪ੍ਰੋਗਰਾਮ ਵਿਚ ਇਹ ਸੰਦੇਸ਼ ਦਿੱਤਾ ਗਿਆ ਕਿ ਗੁਰੂ ਰਵਿਦਾਸ ਜੀ ਦਾ ਦਰਸਾਇਆ ਮਾਰਗ-ਸਤਸੰਗ, ਸੇਵਾ ਅਤੇ ਸਿਮਰਨ-ਅੱਜ ਦੇ ਯੁੱਗ ਲਈ ਸਭ ਤੋਂ ਵੱਡੀ ਲੋੜ ਹੈ | ਮਨੁੱਖ ਨੂੰ ਜਾਤ-ਪਾਤ ਅਤੇ ਭੇਦਭਾਵ ਤੋਂ ਉੱਪਰ ਉੱਠ ਕੇ ਇਕ ਪ੍ਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ |