ਅਬੋਹਰ, 6 ਫਰਵਰੀ (ਵਿਵੇਕ ਹੂੜੀਆ/ਸੁਖਜੀਤ ਸਿੰਘ ਬਰਾੜ)-ਧਰਮਿੰਦਰ ਪਾਲ ਸਿੰਗਲਾ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਾਜ਼ਿਲਕਾ ਅਤੇ ਮੈਡਮ ਰੁਚੀ ਸਵਪਨ ਸ਼ਰਮਾ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਫ਼ਾਜ਼ਿਲਕਾ ਵਲੋਂ ਚਾਈਲਡ ਕੇਅਰ ਇੰਸਟੀਟਿਊਸ਼ਨ (ਉਦਭਵ ਆਵਾਸ), ਸਮਰੱਥ ਓਲਡ ਏਜ ਹੋਮ, ਡਿਗਨਿਟੀ ਓਲਡ ਏਜ ਹੋਮ ਤੇ ਮਾਤਰ ਛਾਇਆ ਅਨਾਥ ਆਸ਼ਰਮ, ਅਬੋਹਰ ਦਾ ਦੌਰਾ ਕੀਤਾ | ਦੌਰੇ ਦੌਰਾਨ ਅਧਿਕਾਰੀਆਂ ਵਲੋਂ ਉਕਤ ਸਾਰੀਆਂ ਸੰਸਥਾਵਾਂ ਦੀ ਵਿਸਥਾਰਪੂਰਵਕ ਇੰਸਪੈਕਸ਼ਨ ਕੀਤੀ ਗਈ | ਇਸ ਦੌਰਾਨ ਉੱਥੇ ਰਹਿ ਰਹੇ ਬੱਚਿਆਂ ਤੇ ਬਜ਼ੁਰਗਾਂ ਦੀ ਸਿਹਤ, ਰਹਿਣ-ਸਹਿਣ, ਸਫ਼ਾਈ, ਭੋਜਨ ਦੀ ਗੁਣਵੱਤਾ, ਸੁਰੱਖਿਆ ਪ੍ਰਬੰਧ, ਦਿਨਚਰੀ, ਸਿੱਖਿਆ ਅਤੇ ਮਨੋਰੰਜਨ ਸੰਬੰਧੀ ਸਹੂਲਤਾਂ ਬਾਰੇ ਗਹਿਰਾਈ ਨਾਲ ਜਾਂਚ ਕੀਤੀ ਗਈ | ਜਾਂਚ ਦੌਰਾਨ ਇਹ ਪਾਇਆ ਗਿਆ ਕਿ ਸਾਰੀਆਂ ਸੰਸਥਾਵਾਂ 'ਚ ਪ੍ਰਬੰਧ ਸੁਚੱਜੇ ਢੰਗ ਨਾਲ ਚੱਲ ਰਹੇ ਹਨ ਅਤੇ ਉਥੇ ਰਹਿ ਰਹੇ ਵਸਨੀਕਾਂ ਦੀ ਚੰਗੀ ਤਰ੍ਹਾਂ ਸੰਭਾਲ ਕੀਤੀ ਜਾ ਰਹੀ ਹੈ | ਚਾਈਲਡ ਕੇਅਰ ਇੰਸਟੀਟਿਊਸ਼ਨ (ਉਦਭਵ ਆਵਾਸ) ਅਤੇ ਮਾਤਰ ਛਾਇਆ ਅਨਾਥ ਆਸ਼ਰਮ, ਅਬੋਹਰ ਵਿਖੇ ਬੱਚਿਆਂ ਦੀ ਪੜ੍ਹਾਈ, ਸਿਹਤ ਅਤੇ ਕੁੱਲ ਵਿਕਾਸ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਗਈ | ਬੱਚਿਆਂ ਨਾਲ ਸਿੱਧੀ ਗੱਲਬਾਤ ਕਰਕੇ ਉਨ੍ਹਾਂ ਨੂੰ ਮਨ ਲਾ ਕੇ ਪੜ੍ਹਾਈ ਕਰਨ, ਅਨੁਸ਼ਾਸਨ ਵਿਚ ਰਹਿਣ, ਖੇਡਾਂ ਅਤੇ ਹੋਰ ਰਚਨਾਤਮਿਕ ਗਤੀਵਿਧੀਆਂ ਵਿਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ | ਸਮਰੱਥ ਤੇ ਡਿਗਨਿਟੀ ਓਲਡ ਏਜ ਹੋਮਾਂ ਵਿਚ ਮਾਣਯੋਗ ਅਧਿਕਾਰੀਆਂ ਵਲੋਂ ਬਜ਼ੁਰਗਾਂ ਨਾਲ ਮਿਲ ਕੇ ਉਨ੍ਹਾਂ ਦੀਆਂ ਜ਼ਰੂਰਤਾਂ, ਸਿਹਤ ਸੰਬੰਧੀ ਮੁਸ਼ਕਿਲਾਂ ਅਤੇ ਦਿਨਚਰੀ ਬਾਰੇ ਪੁੱਛਗਿੱਛ ਕੀਤੀ ਗਈ | ਬਜ਼ੁਰਗਾਂ ਨੂੰ ਸਕਾਰਾਤਮਿਕ ਸੋਚ, ਸਰਗਰਮ ਜੀਵਨ ਅਤੇ ਆਪਸੀ ਸਹਿਯੋਗ ਨਾਲ ਜੀਵਨ ਬਿਤਾਉਣ ਲਈ ਪ੍ਰੇਰਿਤ ਕੀਤਾ ਗਿਆ | ਇਸ ਤੋਂ ਇਲਾਵਾ ਇਨ੍ਹਾਂ ਸੰਸਥਾਵਾਂ ਵਿਖੇ ਅਧਿਕਾਰੀਆਂ ਵਲੋਂ ਉਥੇ ਰਹਿ ਰਹੇ ਬੱਚਿਆਂ ਤੇ ਵਸਨੀਕਾਂ ਨੂੰ ਖਾਣ-ਪੀਣ ਦਾ ਸਾਮਾਨ ਵੀ ਵੰਡਿਆ ਗਿਆ | ਇਨ੍ਹਾਂ ਸੰਸਥਾਵਾਂ ਵਿਖੇ ਰਹਿ ਰਹੇ ਵਸਨੀਕਾਂ ਵਲੋਂ ਦੱਸਿਆ ਗਿਆ ਕਿ ਉਨ੍ਹਾਂ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਸੰਸਥਾ ਵਲੋਂ ਉਨ੍ਹਾਂ ਦੀ ਪੂਰੀ ਸੰਭਾਲ ਕੀਤੀ ਜਾ ਰਹੀ ਹੈ | ਸੈਸ਼ਨ ਜੱਜ ਤੇ ਸਕੱਤਰ ਵਲੋਂ ਇਹ ਵੀ ਭਰੋਸਾ ਦਿਵਾਇਆ ਗਿਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਫ਼ਾਜ਼ਿਲਕਾ ਵਲੋਂ ਭਵਿੱਖ ਵਿਚ ਵੀ ਬੱਚਿਆਂ, ਬਜ਼ੁਰਗਾਂ ਤੇ ਲੋੜਵੰਦ ਵਰਗਾਂ ਦੀ ਭਲਾਈ ਲਈ ਹਰ ਸੰਭਵ ਸਹਿਯੋਗ ਜਾਰੀ ਰੱਖਿਆ ਜਾਵੇਗਾ | ਅੰਤ 'ਚ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਕਿਸੇ ਵੀ ਕਿਸਮ ਦੀ ਮੁਫ਼ਤ ਕਾਨੂੰਨੀ ਸਲਾਹ ਜਾਂ ਸਹਾਇਤਾ ਲਈ ਟੋਲ-ਫਰੀ ਨੰਬਰ 15100 ਜਾਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਫ਼ਾਜ਼ਿਲਕਾ ਦੇ ਟੈਲੀਫ਼ੋਨ ਨੰਬਰ 'ਤੇ ਸੰਪਰਕ ਕੀਤਾ ਜਾ ਸਕਦਾ ਹੈ |