ਅਬੋਹਰ, 22 ਫਰਵਰੀ (ਤੇਜਿੰਦਰ ਸਿੰਘ ਖ਼ਾਲਸਾ) ਸੰਯੁਕਤ ਕਿਸਾਨ ਮੋਰਚਾ ਦੇ ਸੂਬਾ ਪੱਧਰੀ ਸੱਦੇ ਤਹਿਤ ਅਮਰੀਕਾ ਮੁਕਤ ਵਪਾਰ ਸਮਝੌਤਾ, ਬਿਜਲੀ, ਬੀਜ ਬਿੱਲ, ਮਨਰੇਗਾ ਕਾਨੂੰਨ ਨੂੰ ਖ਼ਤਮ ਕਰਨ ਖ਼ਿਲਾਫ਼ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਕੁਮਾਰ ਜਾਖੜ ਦੇ ਘਰ ਅੱਗੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਸੁਖਚੈਨ ਸਿੰਘ, ਬਲਾਕ ਆਗੂ ਰੇਸ਼ਮ ਕੁੰਡਲ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਜਗਤਾਰ ਸਿੰਘ, ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂ ਦਰਸ਼ਨ ਸਿੰਘ ਗਿੱਦੜਾਂ ਵਾਲੀ, ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਸੁੱਖ ਝੁਰੜ ਖੇੜਾ, ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਆਗੂ ਪ੍ਰਲਾਦ ਸਿੰਘ ਤੇ ਬਲਾਕ ਆਗੂ ਸੁਭਾਸ਼ ਗੋਦਾਰਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਅਤਰਪ੍ਰੀਤ ਸਿੰਘ ਬਰਾੜ, ਨਿਰਮਲ ਸਿੰਘ ਟੈਕਨੀਕਲ ਸਰਵਿਸ ਯੂਨੀਅਨ, ਜਮਹੂਰੀ ਕਿਸਾਨ ਯੂਨੀਅਨ ਰਮੇਸ਼ ਵਡੇਰਾ, ਪੰਜਾਬ ਪੱਲੇਦਾਰ ਯੂਨੀਅਨ ਦੇ ਆਗੂ ਬਖ਼ਤਾਵਰ ਸਿੰਘ, ਬਿਜਲੀ ਬੋਰਡ ਦੇ ਬਲਾਕ ਪ੍ਰਧਾਨ ਬਲਵੀਰ ਸਿੰਘ, ਕੁੱਲ ਹਿੰਦ ਕਿਸਾਨ ਯੂਨੀਅਨ, ਆਲ ਇੰਡੀਆ ਕਿਸਾਨ ਯੂਨੀਅਨ, ਪੰਜਾਬ ਖੇਤ ਮਜ਼ਦੂਰ ਸਭਾ ਭਰਪੂਰ ਸਿੰਘ ਆਦਿ ਜਥੇਬੰਦੀਆਂ ਨੇ ਹਿੱਸਾ ਲਿਆ | ਇਸ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੇਸ਼ ਦੇ ਲੋਕਾਂ ਨਾਲ ਲਗਾਤਾਰ ਧੋਖਾ ਕਰਦੀ ਆ ਰਹੀ ਹੈ ਅਤੇ ਦੇਸ਼ੀ, ਵਿਦੇਸ਼ੀ ਕਾਰਪੋਰੇਟ ਘਰਾਨਿਆਂ ਨੂੰ ਦੇਸ਼ ਦਾ ਜਲ, ਜੰਗਲ, ਜ਼ਮੀਨਾਂ ਲੁਟਾਉਣ ਦਾ ਲੋਕਾਂ ਤੇ ਅੰਤਿਮ ਹੱਲਾ ਵਪਾਰ ਮੁਕਤ ਸਮਝੌਤਾ, ਬਿਜਲੀ, ਬਿੱਲ ਬੀਜ ਬਿੱਲ, ਲੇਬਰ ਕੋਡ, ਮਨਰੇਗਾ ਕਾਨੂੰਨ ਨੂੰ ਖ਼ਤਮ ਕਰਕੇ ਭਾਜਪਾ ਆਰ. ਐੱਸ. ਐੱਸ. ਨੇ ਆਪਣੇ ਕਾਰਪੋਰੇਟ ਘਰਾਣਿਆਂ ਪੱਖੀ ਮਨਸੂਬਿਆਂ ਦਾ ਸਿਖਰ ਕਰ ਦਿੱਤਾ ਹੈ | ਇਨ੍ਹਾਂ ਹਾਲਾਤਾਂ 'ਚ ਜਦ ਅਮਰੀਕਾ ਤੋਂ ਖੇਤੀ ਖੇਤਰ ਤੇ ਸਹਾਇਕ ਧੰਦਿਆਂ ਨਾਲ ਸੰਬੰਧਿਤ ਅਨਾਜ, ਦੁੱਧ, ਫਲ ਭਾਰਤ ਦੀ ਮੰਡੀ 'ਚ ਜ਼ੀਰੋ ਟੈਰਿਫ਼ 'ਤੇ ਆਵੇਗਾ ਤਾਂ ਖੇਤੀ ਖੇਤਰ ਵਿਚ ਲੱਗੇ ਕਰੋੜਾਂ ਲੋਕ ਤੇ ਡੇਅਰੀ ਵਰਗੇ ਕਿੱਤਿਆਂ 'ਚ ਲੱਗੇ 7 ਕਰੋੜ ਤੋਂ ਵੱਧ ਲੋਕ ਬਰਬਾਦ ਹੋ ਜਾਣਗੇ | ਦੇਸ਼ ਦੀ ਅਰਥ ਵਿਵਸਥਾ ਤਬਾਹ ਹੋ ਜਾਵੇਗੀ | ਸਮਾਜਿਕ ਹਾਲਤ ਜੋ ਲੋਕਾਂ ਦੇ ਬਣਨਗੇ, ਉਸ ਦਾ ਕਿਆਸ ਬੇਹੱਦ ਡਰਾਵਣਾ ਨਜ਼ਰ ਆ ਰਿਹਾ ਹੈ ਤੇ ਮੌਜੂਦਾ ਹਾਕਮਾਂ ਦਾ ਕਿਰਦਾਰ ਬਿ੍ਟਿਸ਼ ਸਾਮਰਾਜ ਦੇ ਪਿੱਠੂਆਂ ਵਾਲਾ ਸਾਬਤ ਹੋ ਰਿਹਾ ਹੈ | ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਆਗੂ ਰੇਸ਼ਮ ਕੁੰਡਲ ਬਲਾਕ ਕਨਵੀਨਰ ਅੰਗਰੇਜ਼ ਸਿੰਘ, ਪ੍ਰਧਾਨ ਗੁਰਚਰਨ ਸਿੰਘ, ਰਾਜਵਿੰਦਰ ਸਿੰਘ, ਹਰਬੰਸ ਸਿੰਘ, ਸੁਖਦੇਵ ਸਿੰਘ, ਤਰਸੇਮ ਸਿੰਘ ਧਰਾਂਗਵਾਲਾ ਨੇ ਵੀ ਸੰਬੋਧਨ ਕੀਤਾ |