ਜਲਾਲਾਬਾਦ, 22 ਫਰਵਰੀ (ਜਤਿੰਦਰ ਪਾਲ ਸਿੰਘ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਜਲਾਲਾਬਾਦ ਇਕਾਈ ਵਲੋਂ ਹਲਕਾ ਜਲਾਲਾਬਾਦ ਦੇ ਵਿਧਾਇਕ ਜਗਦੀਪ ਗੋਲਡੀ ਕੰਬੋਜ ਦੀ ਰਿਹਾਇਸ਼ ਅੱਗੇ ਰੋਸ ਧਰਨਾ ਦਿੱਤਾ | ਇਸ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਮੰਨੇ ਵਾਲਾ, ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਸੁਰਿੰਦਰ ਢੰਡੀਆਂ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਹਰਮੀਤ ਸਿੰਘ ਢਾਬਾਂ ਤੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਮਨਦੀਪ ਸਿੰਘ ਸਿੰਘ ਸੈਦੋ ਕਾ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਬਲਵੰਤ ਸਿੰਘ ਬੱਘੇ ਕੇ ਨੇ ਕੀਤੀ | ਕਿਸਾਨ ਆਗੂਆਂ ਨੇ ਕਿਹਾ ਕੇਂਦਰ ਦੀ ਮੋਦੀ ਸਰਕਾਰ ਵਲੋਂ ਆਏ ਦਿਨ ਲਿਆਂਦੇ ਜਾ ਰਹੇ ਨਵੇਂ ਤੋਂ ਨਵੇਂ ਲੋਕ ਮਾਰੂ ਕਾਨੂੰਨਾਂ ਜਿਸ 'ਚ ਅਮਰੀਕਾ ਨਾਲ ਕੀਤਾ ਫ਼੍ਰੀ ਟਰੇਡ ਸਮਝੌਤਾ, ਬਿਜਲੀ ਸੋਧ ਬਿਲ, ਬੀਜ ਬਿਲ, ਚਾਰ ਲੇਬਰ ਕੋਡ, ਮਨਰੇਗਾ ਸੋਧ ਕਾਨੂੰਨ ਆਦਿ ਜਿਹੜੇ ਸਿੱਧੇ ਤੌਰ 'ਤੇ ਕਾਰਪੋਰੇਟ ਘਰਾਣਿਆਂ ਨੂੰ ਵੱਡੇ ਮੁਨਾਫ਼ੇ ਦੇਣ ਦੇ ਮਕਸਦ ਨਾਲ ਲਿਆਂਦੇ ਗਏ ਹਨ, ਜਿਸ ਨਾਲ ਪੂੰਜੀਪਤੀਆਂ ਦੇ ਮੁਨਾਫ਼ਿਆਂ ਵਿਚ ਤਾਂ ਬੇਹਿਸਾਬਾ ਵਾਧਾ ਹੋਵੇਗਾ ਪਰ ਦੂਜੇ ਪਾਸੇ ਬਿਜਲੀ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਵੇਗੀ, ਕਿਸਾਨ ਕੋਲੋਂ ਖ਼ੁਦ ਤਿਆਰ ਕੀਤੇ ਘਰੇਲੂ ਰਵਾਇਤੀ ਬੀਜਾਂ ਨੂੰ ਵਰਤਣ ਦਾ ਹੱਕ ਖੋਹ ਲਿਆ ਜਾਵੇਗਾ ਅਤੇ ਨਾਲ ਦੀ ਨਾਲ 4 ਕਿਰਤ ਕੋਡਾਂ ਨੇ ਕਿਰਤੀਆਂ ਦੇ ਹੱਕ ਵਾਲੇ 44 ਕਿਰਤ ਕਾਨੂੰਨਾਂ ਨੂੰ ਖ਼ਤਮ ਕਰ ਦਿੱਤਾ ਹੈ ਅਤੇ ਜੀ ਰਾਮ ਜੀ ਕਾਨੂੰਨ ਨੇ ਨਰੇਗਾ ਕਾਮਿਆਂ ਕੋਲੋਂ ਨਰੇਗਾ ਹੱਕ ਖੋਹ ਲਿਆ ਹੈ | ਆਗੂਆਂ ਨੇ ਅੱਗੇ ਕਿਹਾ ਕਿ ਕੇਂਦਰ ਦੀ ਕਾਰਪੋਰੇਟ ਪੱਖੀ ਸਰਕਾਰ ਕਿਸਾਨਾਂ ਦੇ ਤਿੱਖੇ ਸੰਘਰਸ਼ ਦੇ ਬਾਵਜੂਦ ਆਪਣੇ ਅਕਾਵਾਂ ਦੇ ਇਸ਼ਾਰਿਆਂ ਤੇ ਕਾਰਪੋਰੇਟ ਪੱਖੀ ਅਤੇ ਲੋਕ ਵਿਰੋਧੀ ਕਾਨੂੰਨਾਂ ਨੂੰ ਦੇਸ਼ ਵਿਚ ਲਾਗੂ ਕਰਨ ਲਈ ਬਜ਼ਿਦ ਹੈ ਪਰ ਕਿਸਾਨਾਂ ਤੇ ਆਮ ਲੋਕਾਂ ਦਾ ਰੋਹ ਜੋ ਲੋਕ ਲਹਿਰ ਬਣਦਾ ਜਾਂ ਰਿਹਾ ਹੈ ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਨੂੰ ਆਪਣੇ ਇਹਨਾਂ ਮਨਸੂਬਿਆਂ ਵਿਚ ਕਾਮਯਾਬ ਨਹੀਂ ਹੋਣ ਦੇਵੇਗਾ | ਉਨ੍ਹਾਂ ਨੇ ਇਸ ਮੌਕੇ ਸੂਬਾ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਵੀ ਕਿਸਾਨਾਂ 'ਤੇ ਜ਼ੁਲਮ ਕਰਨਾ ਬੰਦ ਕਰੇ ਅਤੇ ਵਿਧਾਨ ਸਭਾ ਵਿਚ ਮਤੇ ਪਾ ਕੇ ਕੇਂਦਰ ਵਲ਼ੋਂ ਕੀਤੇ ਸਮਝੌਤਿਆਂ ਨੂੰ ਤੁਰੰਤ ਰੱਦ ਕਰੇ | ਆਗੂਆਂ ਨੇ ਕਿਹਾ ਕਿ ਇਨ੍ਹਾਂ ਵਧੀਕੀਆਂ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰਨਗੇ ਤੇ ਅੰਤਿਮ ਜਿੱਤ ਤੱਕ ਸੰਘਰਸ਼ ਨੂੰ ਹੋਰ ਤਿੱਖਾ ਕਰਕੇ ਲਗਾਤਾਰ ਜਾਰੀ ਰੱਖਣਗੇ | ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਆਗੂ ਕਿ੍ਸ਼ਨ ਧਰਮੂ ਵਾਲਾ, ਹਰਭਜਨ ਛੱਪੜੀਂ ਵਾਲਾ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਡਾ. ਸੁਖਚੈਨ ਸਿੰਘ ਸੈਦੋ ਕਾ, ਬਲਾਕ ਪ੍ਰਧਾਨ ਹਰਮੀਤ ਸਿੰਘ, ਬੀ. ਕੇ. ਯੂ. ਡਕੌਂਦਾ ਦੇ ਬਲਾਕ ਪ੍ਰਧਾਨ ਪ੍ਰਵੀਨ ਮੌਲਵੀ ਵਾਲਾ, ਬੀ. ਕੇ. ਯੂ. ਉਗਰਾਹਾਂ ਦੇ ਬਲਾਕ ਪ੍ਰਧਾਨ ਪਿੱਪਲ ਸਿੰਘ, ਬਲਾਕ ਆਗੂ ਅੰਗਰੇਜ਼ ਸਿੰਘ, ਸਟੇਜ ਸਕੱਤਰ ਸੰਤਪਾਲ ਸਿੰਘ ਰਿੰਟਾ ਤੇ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ |