ਅਬੋਹਰ, 22 ਫਰਵਰੀ (ਵਿਵੇਕ ਹੂੜੀਆ)-ਅਬੋਹਰ ਪੁਲਿਸ 'ਚ ਤਾਇਨਾਤ ਕਾਂਸਟੇਬਲ ਮਦਨ ਲਾਲ ਪੁੱਤਰ ਸਰਦੂਲ ਰਾਮ, ਨਿਵਾਸੀ ਪਿੰਡ ਰਾਏਪੁਰ, ਦਾ ਡਿਊਟੀ ਦੌਰਾਨ ਅਚਾਨਕ ਦਿਹਾਂਤ ਹੋਣ ਦੀ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ | ਇਸ ਘਟਨਾ ਤੋਂ ਬਾਅਦ ਪੂਰੇ ਪੁਲਿਸ ਮਹਿਕਮੇ ਤੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ ਹੈ | ਜਾਣਕਾਰੀ ਅਨੁਸਾਰ ਕਾਂਸਟੇਬਲ ਮਦਨ ਲਾਲ ਆਪਣੀ ਨਿਯਮਿਤ ਡਿਊਟੀ ਤਹਿਤ ਗਸ਼ਤ 'ਤੇ ਤਾਇਨਾਤ ਸਨ | ਇਸੇ ਦੌਰਾਨ ਅਚਾਨਕ ਉਨ੍ਹਾਂ ਦੀ ਤਬੀਅਤ ਵਿਗੜ ਗਈ, ਨਾਲ ਮੌਜੂਦ ਸਾਥੀ ਮੁਲਾਜ਼ਮਾਂ ਨੇ ਤੁਰੰਤ ਉਨ੍ਹਾਂ ਨੂੰ ਡਾਕਟਰੀ ਸਹਾਇਤਾ ਦਿਵਾਉਣ ਦੀ ਕੋਸ਼ਿਸ਼ ਕੀਤੀ, ਪਰ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ | ਮੁੱਢਲੀ ਜਾਂਚ ਵਿਚ ਮੌਤ ਦਾ ਕਾਰਨ ਸਾਈਲੈਂਟ ਅਟੈਕ ਜਾਂ ਦਿਲ ਦਾ ਦੌਰਾ ਪੈਣਾ ਦੱਸਿਆ ਜਾ ਰਿਹਾ ਹੈ | ਥਾਣਾ ਬਹਾਵਵਾਲਾ ਦੇ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਮਦਨ ਲਾਲ ਦੀ ਮਿ੍ਤਕ ਦੇਹ ਨੂੰ ਪੋਸਟਮਾਰਟਮ ਲਈ ਹਸਪਤਾਲ ਵਿਚ ਸੁਰੱਖਿਅਤ ਰੱਖਿਆ ਗਿਆ ਹੈ | ਅਧਿਕਾਰੀਆਂ ਅਨੁਸਾਰ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ | ਪੁਲਿਸ ਪ੍ਰਸ਼ਾਸਨ ਨੇ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਉਨ੍ਹਾਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ | ਅਬੋਹਰ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦਿਆਂ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟਾਈ ਹੈ |