ਫ਼ਾਜ਼ਿਲਕਾ, 22 ਫਰਵਰੀ (ਦਵਿੰਦਰ ਪਾਲ ਸਿੰਘ)-ਸਮਾਜ ਸੇਵਾ 'ਚ ਮੋਹਰੀ ਜਨ ਸੇਵਾ ਸੁਸਾਇਟੀ ਵਲੋਂ ਲੋੜਵੰਦ ਪਰਿਵਾਰਾਂ ਤੇ ਸਮਾਜ ਦੇ ਹਿਤ ਵਿਚ ਕਈ ਸੇਵਾ ਪ੍ਰਾਜੈਕਟ ਚਲਾਏ ਜਾ ਰਹੇ ਹਨ, ਜਿਨ੍ਹਾਂ 'ਚੋਂ ਜਲ ਸੇਵਾ ਸਭ ਤੋਂ ਮਹੱਤਵਪੂਰਨ ਪ੍ਰਾਜੈਕਟ ਹੈ | ਸੁਸਾਇਟੀ ਦੇ ਸਰਪ੍ਰਸਤ ਰਤਨ ਗਰੋਵਰ, ਗੁਲਸ਼ਨ ਰਾਏ ਤੇ ਪ੍ਰਧਾਨ ਰਮਨ ਸੇਤੀਆ ਸਮੇਤ ਜਲ ਸੇਵਾ ਪ੍ਰੋਜੈਕਟ ਇੰਚਾਰਜ ਰਾਕੇਸ਼ ਗਿਲਹੋਤਰਾ ਨੇ ਕਿਹਾ ਹੈ ਕਿ ਸੁਸਾਇਟੀ ਦੀ ਸ਼ੁਰੂਆਤ ਹੀ ਜਲ ਸੇਵਾ ਪ੍ਰਾਜੈਕਟ ਨਾਲ ਕੀਤੀ ਗਈ ਸੀ | ਇਹ ਸੇਵਾ 10 ਜੂਨ 2021 ਨੂੰ ਪੁਰਾਣੇ ਸਿਵਲ ਹਸਪਤਾਲ ਦੇ ਬਾਹਰ ਸ਼ੁਰੂ ਕੀਤੀ ਗਈ ਸੀ, ਉਦੋਂ ਸੁਸਾਇਟੀ ਮੈਂਬਰਾਂ ਵਲੋਂ ਭਿਆਨਕ ਗਰਮੀ 'ਚ ਖ਼ੁਦ ਰਾਹਗੀਰਾਂ ਨੂੰ ਪਾਣੀ ਪਿਲਾ ਕੇ ਸੇਵਾ ਨਿਭਾਈ ਗਈ ਸੀ | ਦੋ ਸਾਲਾਂ ਬਾਅਦ ਮਈ 2023 ਤੋਂ ਪੂਰੇ ਸ਼ਹਿਰ 'ਚ ਸੇਵਾ ਨਿਭਾਉਣ ਲਈ ਸੀਤਲ ਜਲ ਵਾਹਨ ਦੀ ਸ਼ੁਰੂਆਤ ਕੀਤੀ ਗਈ | ਇਹ ਵਾਹਨ ਖ਼ਾਸ ਤੌਰ 'ਤੇ ਨਵੇਂ ਸਰਕਾਰੀ ਹਸਪਤਾਲ ਵਿਚ ਪੀਣ ਵਾਲੇ ਪਾਣੀ ਦੀ ਵਿਵਸਥਾ ਨਾ ਹੋਣ ਕਾਰਨ ਉਥੇ ਆਉਣ ਵਾਲੇ ਮਰੀਜ਼ਾਂ ਤੇ ਲੋਕਾਂ ਲਈ ਵਰਦਾਨ ਸਾਬਤ ਹੋਇਆ | ਕੈਸ਼ੀਅਰ ਸੁਨੀਲ ਡੇਅ ਨੇ ਦੱਸਿਆ ਕਿ ਉਥੇ ਰੋਜ਼ਾਨਾ ਲੰਗਰ ਚੱਲਦਾ ਹੈ ਅਤੇ ਪਾਣੀ ਦੀ ਮੰਗ ਲਗਾਤਾਰ ਰਹਿੰਦੀ ਹੈ, ਮਰੀਜ਼ਾਂ ਨੂੰ ਵੀ ਦਵਾਈ ਲੈਣ ਲਈ ਪਾਣੀ ਦੀ ਲੋੜ ਹੁੰਦੀ ਹੈ | ਸੁਸਾਇਟੀ ਵਲੋਂ 1 ਮਈ ਤੋਂ 30 ਸਤੰਬਰ ਤੱਕ ਜਲ ਵਾਹਨ ਰਾਹੀਂ ਪਾਣੀ ਦੀ ਸੇਵਾ ਨਿਭਾਈ ਗਈ | ਉਸ ਤੋਂ ਬਾਅਦ ਕੈਂਪਰਾਂ ਰਾਹੀਂ ਇਹ ਸੇਵਾ ਲਗਾਤਾਰ ਅੱਜ ਵੀ ਜਾਰੀ ਹੈ ਤੇ 1 ਮਈ ਨੂੰ ਸੀਤਲ ਜਲ ਵਾਹਨ ਦੀ ਸੇਵਾ ਫਿਰ ਤੋਂ ਸ਼ੁਰੂ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਜੋ ਦਾਨੀ ਸੱਜਣ ਇਸ ਸੇਵਾ 'ਚ ਆਪਣਾ ਆਰਥਿਕ ਸਹਿਯੋਗ ਦੇਣਾ ਚਾਹੁੰਦੇ ਹਨ, ਉਹ ਇੰਚਾਰਜ ਰਾਕੇਸ਼ ਗਿਲਹੋਤਰਾ ਨਾਲ ਸੰਪਰਕ ਕਰ ਸਕਦੇ ਹਨ |