ਫ਼ਾਜ਼ਿਲਕਾ, 23 ਫਰਵਰੀ (ਅਮਰਜੀਤ ਸ਼ਰਮਾ)-ਐਮ. ਆਰ. ਸਰਕਾਰੀ ਕਾਲਜ ਫ਼ਾਜ਼ਿਲਕਾ ਵਿਖੇ ਪਿ੍ੰਸੀਪਲ ਸਚਿਨ ਕਾਲੜਾ ਦੀ ਸਰਪ੍ਰਸਤੀ ਹੇਠ ਤੇ ਕਾਲਜ ਇੰਚਾਰਜ ਪ੍ਰੋਫ਼ੈਸਰ ਗੁਰਮਿੰਦਰ ਕੌਰ ਦੇ ਸਹਿਯੋਗ ਨਾਲ ਪੰਜਾਬੀ ਵਿਭਾਗ ਵਲੋਂ 'ਕੌਮਾਂਤਰੀ ਮਾਤ ਭਾਸ਼ਾ ਦਿਵਸ' ਨੂੰ ਸਮਰਪਿਤ ਇਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ | ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਆਪਣੀ ਮਾਤ ਭਾਸ਼ਾ ਪੰਜਾਬੀ ਦੀ ਅਮੀਰੀ ਤੇ ਵਿਰਾਸਤ ਨਾਲ ਜੋੜਨਾ ਸੀ | ਸਮਾਗਮ 'ਚ ਮੁੱਖ ਬੁਲਾਰੇ ਵਜੋਂ ਪਹੁੰਚੇ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੇ ਪ੍ਰੋਫ਼ੈਸਰ ਅੰਮਿ੍ਤਪਾਲ ਸਿੰਘ ਬੁੱਟਰ ਨੇ ਮਾਤ ਭਾਸ਼ਾ ਦੀ ਅਹਿਮੀਅਤ 'ਤੇ ਰੌਸ਼ਨੀ ਪਾਈ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਅਜੋਕੇ ਦੌਰ ਵਿਚ ਪੰਜਾਬੀ ਭਾਸ਼ਾ ਨਾ ਸਿਰਫ਼ ਸਾਡੀ ਪਛਾਣ ਹੈ, ਸਗੋਂ ਇਸ ਖੇਤਰ ਵਿਚ ਰੁਜ਼ਗਾਰ ਤਲਾਸ਼ਣ ਦੀਆਂ ਵੀ ਅਪਾਰ ਸੰਭਾਵਨਾਵਾਂ ਮੌਜੂਦ ਹਨ | ਭਾਸ਼ਾ ਵਿਭਾਗ ਫ਼ਾਜ਼ਿਲਕਾ ਵਲੋਂ ਜ਼ਿਲ੍ਹਾ ਖੋਜ ਅਫ਼ਸਰ ਪਰਮਿੰਦਰ ਸਿੰਘ ਰੰਧਾਵਾ ਤੇ ਸੁਰਿੰਦਰ ਕੁਮਾਰ ਨੇ ਵੀ ਸ਼ਿਰਕਤ ਕੀਤੀ | ਉਨ੍ਹਾਂ ਮਾਤ ਭਾਸ਼ਾ ਦੇ ਸੰਦਰਭ ਵਿਚ ਆਪਣੇ ਵਿਚਾਰ ਸਾਂਝੇ ਕਰਦਿਆਂ ਵਿਦਿਆਰਥੀਆਂ ਨੂੰ ਆਪਣੀ ਬੋਲੀ 'ਤੇ ਮਾਣ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਵਿਦਿਆਰਥੀਆਂ ਦੇ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ, ਜਿਸ 'ਚ ਨੌਜਵਾਨਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਕਾਲਜ ਦੇ ਦਫ਼ਤਰੀ ਕਰਮਚਾਰੀ ਮਨੀਸ਼ ਕੁਮਾਰ ਨੇ ਵੀ ਆਪਣੀਆਂ ਕਵਿਤਾਵਾਂ ਰਾਹੀਂ ਸਮਾਗਮ 'ਚ ਖ਼ੂਬ ਰੰਗ ਬੰਨਿ੍ਹਆ | ਸਾਰੇ ਵਿਦਿਆਰਥੀਆਂ ਨੇ ਮਾਤ ਭਾਸ਼ਾ ਨਾਲ ਹਮੇਸ਼ਾ ਜੁੜੇ ਰਹਿਣ ਦਾ ਅਹਿਦ ਲਿਆ | ਸਮਾਗਮ ਦੇ ਅੰਤ ਵਿਚ ਇੰਚਾਰਜ ਪਿ੍ੰਸੀਪਲ ਪ੍ਰੋਫ਼ੈਸਰ ਗੁਰਮਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਜੇਤੂ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ | ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਪ੍ਰੋਫ਼ੈਸਰ ਤੇ ਸਟਾਫ਼ ਮੈਂਬਰ ਹਾਜ਼ਰ ਸਨ |