ਜਲਾਲਾਬਾਦ, 24 ਫਰਵਰੀ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਦੀ ਦਸਮੇਸ਼ ਨਗਰੀ ਦੇ ਨਾਲ ਸਥਿਤ ਮੈਣੀ ਕਾਲੋਨੀ ਵਾਸੀਆਂ ਨੇ ਸਿਆਸੀ ਆਗੂਆਂ ਤੋਂ ਅੱਕੇ ਹੋਏ ਮੀਟਿੰਗ ਕਰਕੇ ਸੜਕ ਦਾ ਮਸਲਾ ਹੱਲ ਨਾ ਹੋਣ 'ਤੇ ਸੰਘਰਸ਼ ਕਰਨ ਦਾ ਐਲਾਨ ਕੀਤਾ ਹੈ | ਮੀਟਿੰਗ ਤੋਂ ਬਾਅਦ ਵੱਡੀ ਗਿਣਤੀ 'ਚ ਹਾਜ਼ਰ ਮੈਣੀ ਕਾਲੋਨੀ ਵਾਸੀਆਂ ਨੇ, ਜਿਨ੍ਹਾਂ 'ਚ ਵੱਡੀ ਗਿਣਤੀ ਵਿਚ ਔਰਤਾਂ ਵੀ ਸ਼ਾਮਿਲ ਸਨ, ਗੱਲਬਾਤ ਕਰਦੇ ਹੋਏ ਕਿਹਾ ਕਿ ਸਾਡੀ ਗਲੀ ਕੱਚੀ ਹੈ ਤੇ ਪੱਕੀ ਨਹੀਂ ਕੀਤੀ ਜਾ ਰਹੀ | ਇਸ ਬਾਬਤ ਕਈ ਵਾਰ ਹਲਕਾ ਵਿਧਾਇਕ ਤੇ ਦਸਮੇਸ਼ ਨਗਰੀ ਦੇ ਕੌਂਸਲਰਾਂ ਨੂੰ ਬੇਨਤੀ ਕੀਤੀ ਜਾ ਚੁੱਕੀ ਹੈ | ਇਨ੍ਹਾਂ ਆਗੂਆਂ ਵਲੋਂ ਸਾਨੂੰ ਵਾਰ ਵਾਰ ਲਾਰੇ ਲਗਾਏ ਜਾ ਰਹੇ ਹਨ, ਪਰ ਸਾਡੀ ਗਲੀ ਪੱਕੀ ਨਹੀਂ ਕੀਤੀ ਜਾ ਰਹੀ | ਉਨ੍ਹਾਂ ਦੋਸ਼ ਲਗਾਏ ਕਿ ਇਕ ਕੌਂਸਲਰ ਨੇ ਸਾਨੂੰ ਗਲੀ ਵਿਚ ਮਿੱਟੀ ਪਵਾਉਣ ਨੂੰ ਕਿਹਾ ਤੇ ਕਿਹਾ ਕਿ ਅਗਲੇ ਦਿਨ ਹੀ ਟਾਈਲਾਂ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ | ਅਸੀਂ ਮੁਹੱਲੇ ਵਾਸੀਆਂ ਨੇ ਪੈਸੇ ਇਕੱਠੇ ਕਰਕੇ ਮਿੱਟੀ ਪਵਾ ਦਿੱਤੀ ਪਰ ਹੁਣ ਉਕਤ ਕੌਂਸਲਰ ਵਲੋਂ ਲਾਰੇ ਲਗਾਏ ਜਾ ਰਹੇ ਹਨ | ਕਾਲੋਨੀ ਵਾਸੀਆਂ ਨੇ ਕਿਹਾ ਕਿ ਹਲਕਾ ਵਿਧਾਇਕ ਵਲੋਂ ਵੀ ਸੜਕ ਬਣਾਉਣ ਦੀ ਗੱਲ ਕੀਤੀ ਗਈ ਹੈ ਪਰ ਅਜੇ ਤੱਕ ਕੋਈ ਵੀ ਸ਼ੁਰੂਆਤ ਨਹੀਂ ਹੋਈ ਹੈ | ਹਾਜ਼ਰ ਗਲੀ ਵਾਸੀਆਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਦੋ ਦਿਨਾਂ ਦੇ ਅੰਦਰ ਅੰਦਰ ਕੋਈ ਫ਼ੈਸਲਾ ਨਾ ਲਿਆ ਗਿਆ ਤਾਂ ਸੰਘਰਸ਼ ਸ਼ੁਰੂ ਕੀਤਾ ਜਾਵੇਗਾ, ਜਿਸ ਦੇ ਤਹਿਤ ਭੁੱਖ ਹੜਤਾਲ ਵੀ ਕੀਤੀ ਜਾਵੇਗੀ | ਇਸ ਮੌਕੇ ਪਹੁੰਚੇ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਅਸ਼ੋਕ ਕੰਬੋਜ ਸੂਬਾ ਚੇਅਰਮੈਨ ਪੰਜਾਬ ਕਿਸਾਨ ਸਭਾ, ਸੁਖਚੈਨ ਸਿੰਘ ਰਿੰਕੂ ਖ਼ਾਲਸਾ ਪ੍ਰਧਾਨ ਦਸਮੇਸ਼ ਸੇਵਾ ਸੁਸਾਇਟੀ ਤੇ ਹੋਰਨਾਂ ਨੇ ਕਿਹਾ ਕਿ ਗਲੀ ਕੱਚੀ ਹੋਣ ਕਰਕੇ ਲੋਕ ਕਾਫ਼ੀ ਪ੍ਰੇਸ਼ਾਨ ਹਨ ਅਤੇ ਪ੍ਰਸ਼ਾਸਨ ਇਨ੍ਹਾਂ ਦੇ ਮਸਲੇ ਦਾ ਜਲਦੀ ਹੱਲ ਕਰੇ | ਜੇਕਰ ਗਲੀ ਵਾਸੀ ਸੰਘਰਸ਼ ਸ਼ੁਰੂ ਕਰਦੇ ਹਨ ਤਾਂ ਉਨ੍ਹਾਂ ਦਾ ਪੂਰਾ ਸਾਥ ਦਿੱਤਾ ਜਾਵੇਗਾ | ਇਸ ਮੌਕੇ ਵੱਡੀ ਗਿਣਤੀ 'ਚ ਗਲੀ ਵਾਸੀ ਹਾਜ਼ਰ ਸਨ |