ਫ਼ਾਜ਼ਿਲਕਾ, 24 ਫਰਵਰੀ (ਦਵਿੰਦਰ ਪਾਲ ਸਿੰਘ)-ਜੋਤੀ ਬੀ. ਐੱਡ. ਕਾਲਜ ਵਿਖੇ ਨੌਜਵਾਨਾਂ 'ਚ ਸਮਾਜਿਕ ਤਬਦੀਲੀ ਦੀ ਜਾਗਰੂਕਤਾ ਤੇ ਭੂਮਿਕਾ ਵਿਸ਼ੇ ਨਾਲ ਸੰਬੰਧਿਤ ਇਕ ਵਿਸ਼ੇਸ਼ ਐਕਸਟੈਨਸ਼ਨ ਲੈਕਚਰ ਦਾ ਆਯੋਜਨ ਕੀਤਾ | ਪ੍ਰੋਗਰਾਮ ਦਾ ਆਯੋਜਨ ਕਾਲਜ ਦੇ 'ਰੈੱਡ ਰਿਬਨ ਕਲੱਬ' ਦੇ ਇੰਚਾਰਜ ਅਸਿਸਟੈਂਟ ਪ੍ਰੋਫੈਸਰ ਪੰਕਜ ਕੁਮਾਰ ਤੇ 'ਯੂਥ ਵੈੱਲਫੇਅਰ ਕਲੱਬ' ਦੀ ਇੰਚਾਰਜ ਅਸਿਸਟੈਂਟ ਪ੍ਰੋਫੈਸਰ ਰੇਣੂਕਾ ਸਿਡਾਨਾ ਦੀ ਦੇਖ-ਰੇਖ ਹੇਠ ਸਫਲਤਾਪੂਰਵਕ ਨੇਪਰੇ ਚੜਿ੍ਹਆ | ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਵਜੋਂ ਪਹੁੰਚੇ ਆਚਾਰੀਆ ਅਸ਼ੋਕ, ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਤੇ ਪਿ੍ੰਸੀਪਲ ਵਲੋਂ ਜੋਤ ਜਗਾ ਕੇ ਕੀਤੀ ਗਈ | ਇਸ ਮੌਕੇ ਕਾਲਜ ਪ੍ਰਬੰਧਕਾਂ ਵਲੋਂ ਮੁੱਖ ਮਹਿਮਾਨ ਦਾ ਨਿੱਘਾ ਸਵਾਗਤ ਕੀਤਾ | ਮੁੱਖ ਬੁਲਾਰੇ ਆਚਾਰੀਆ ਅਸ਼ੋਕ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨ ਵਰਗ ਸਮਾਜਿਕ ਤਬਦੀਲੀ ਦਾ ਮੁੱਖ ਵਾਹਕ ਹੈ, ਜੋ ਆਪਣੀ ਊਰਜਾ ਤੇ ਸਿਰਜਣਾਤਮਿਕਤਾ ਨਾਲ ਸਮਾਜ ਨੂੰ ਨਵੀਂ ਦਿਸ਼ਾ ਦੇ ਸਕਦਾ ਹੈ | ਉਨ੍ਹਾਂ ਨੇ ਬਦਲਦੇ ਸਮੇਂ 'ਚ ਨੌਜਵਾਨਾਂ ਨੂੰ ਵਾਤਾਵਰਨ, ਲਿੰਗ ਸਮਾਨਤਾ, ਮਨੁੱਖੀ ਅਧਿਕਾਰਾਂ ਅਤੇ ਨਸ਼ਿਆਂ ਤੋਂ ਦੂਰ ਰਹਿਣ ਵਰਗੇ ਵਿਸ਼ਿਆਂ 'ਤੇ ਜਾਗਰੂਕ ਕੀਤਾ | ਉਨ੍ਹਾਂ ਜ਼ੋਰ ਦਿੱਤਾ ਕਿ ਸੋਸ਼ਲ ਮੀਡੀਆ ਤੇ ਤਕਨਾਲੋਜੀ ਦੀ ਸਹੀ ਵਰਤੋਂ, ਅਧਿਆਤਮਿਕ ਜੀਵਨ ਨੂੰ ਅਪਣਾਉਣਾ, ਖੇਡਾਂ, ਯੋਗਾ ਤੇ ਨੈਤਿਕ ਸਿੱਖਿਆ ਰਾਹੀਂ ਨੌਜਵਾਨ ਰਾਸ਼ਟਰ ਨਿਰਮਾਣ ਵਿਚ ਅਹਿਮ ਯੋਗਦਾਨ ਪਾ ਸਕਦੇ ਹਨ | ਉਨ੍ਹਾਂ ਅੱਗੇ ਕਿਹਾ ਕਿ ਨੌਜਵਾਨ ਸਿਰਫ਼ ਭਵਿੱਖ ਦੇ ਨਿਰਮਾਤਾ ਹੀ ਨਹੀਂ, ਸਗੋਂ ਵਰਤਮਾਨ ਦੇ ਕਰਤਾ-ਧਰਤਾ ਹਨ | ਪ੍ਰੋਗਰਾਮ ਦੇ ਅੰਤ 'ਚ ਕਾਲਜ ਪਿ੍ੰਸੀਪਲ ਡਾ. ਅਨੀਤਾ ਅਰੋੜਾ, ਪ੍ਰਧਾਨ ਸੁਰਿੰਦਰ ਠਕਰਾਲ, ਸੈਕਟਰੀ ਡਾ. ਰੌਸ਼ਨ ਲਾਲ ਠੱਕਰ, ਸੇਵਾਮੁਕਤ ਪਿ੍ੰਸੀਪਲ ਸਤਪਾਲ ਗੁਪਤਾ ਤੇ ਸੁਭਾਸ਼ ਵਲੋਂ ਆਚਾਰੀਆ ਅਸ਼ੋਕ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ |