ਅਬੋਹਰ, 24 ਫਰਵਰੀ (ਸੁਖਜੀਤ ਸਿੰਘ ਬਰਾੜ/ਤੇਜਿੰਦਰ ਸਿੰਘ ਖ਼ਾਲਸਾ)-ਗੁਰੂ ਨਾਨਕ ਖ਼ਾਲਸਾ ਕਾਲਜ ਅਬੋਹਰ ਵਿਖੇ ਕੌਮਾਂਤਰੀ ਮਾਂ ਬੋਲੀ ਦਿਵਸ ਪਿ੍ੰ. ਡਾ. ਰੁਪਿੰਦਰ ਕੌਰ ਸੰਧੂ ਦੀ ਅਗਵਾਈ 'ਚ ਮਨਾਇਆ | ਇਸ ਮੌਕੇ ਕਾਲਜ 'ਚ ਵੱਖ-ਵੱਖ ਮੁਕਾਬਲਿਆਂ ਦਾ ਆਯੋਜਨ ਕੀਤਾ | ਮੁਕਾਬਲਿਆਂ 'ਚ ਕਵਿਤਾ ਉਚਾਰਨ, ਕਵਿਤਾ ਲੇਖਨ, ਸਲੋਗਨ ਮੇਕਿੰਗ, ਮਿੱਟੀ ਦੇ ਖਿਡੌਣੇ ਬਣਾਉਣਾ, ਪਰਾਂਦਾ ਬਣਾਉਣਾ, ਪੱਖੀ ਬਣਾਉਣਾ, ਗੁੱਡੀਆਂ ਪਟੋਲੇ ਬਣਾਉਣਾ ਆਦਿ ਸ਼ਾਮਿਲ ਸਨ | ਡਾ. ਰੁਪਿੰਦਰ ਕੌਰ ਸੰਧੂ ਨੇ ਆਪਣੇ ਭਾਸ਼ਨ 'ਚ ਕਿਹਾ ਕੌਮਾਂਤਰੀ ਪੰਜਾਬੀ ਮਾਂ ਬੋਲੀ ਦਿਵਸ ਸਾਡੇ ਲਈ ਕੇਵਲ ਇਕ ਰਸਮੀ ਦਿਨ ਨਹੀਂ, ਸਗੋਂ ਆਪਣੀ ਜੜ੍ਹਾਂ, ਆਪਣੀ ਪਛਾਣ ਤੇ ਆਪਣੇ ਵਿਰਸੇ ਨਾਲ ਮੁੜ ਜੁੜਨ ਦਾ ਵਿਸ਼ੇਸ਼ ਮੌਕਾ ਹੈ | ਮਾਂ ਬੋਲੀ ਮਨੁੱਖ ਦੀ ਸਭ ਤੋਂ ਪਹਿਲੀ ਅਧਿਆਪਕ ਹੁੰਦੀ ਹੈ | ਬੱਚਾ ਆਪਣੀ ਮਾਂ ਦੀ ਗੋਦ 'ਚ ਜੋ ਪਹਿਲਾ ਸ਼ਬਦ ਸਿੱਖਦਾ ਹੈ, ਉਹੀ ਉਸ ਦੀ ਸੋਚ ਤੇ ਸੰਸਕਾਰਾਂ ਦੀ ਬੁਨਿਆਦ ਬਣਦਾ ਹੈ | ਪੰਜਾਬੀ ਭਾਸ਼ਾ ਸਦੀਆਂ ਤੋਂ ਸਾਡੀ ਸੱਭਿਆਚਾਰਕ, ਅਧਿਆਤਮਿਕ ਤੇ ਸਮਾਜਿਕ ਧਰੋਹਰ ਦੀ ਵਾਹਕ ਰਹੀ ਹੈ | ਇਸ ਨੇ ਸਾਨੂੰ ਦੁਨੀਆ ਭਰ 'ਚ ਇਕ ਵੱਖਰੀ ਪਛਾਣ ਬਖ਼ਸ਼ੀ ਹੈ | ਕਾਲਜ ਚੇਅਰਮੈਨ ਦਲਜੀਤ ਸਿੰਘ ਸੰਧੂ, ਸਕੱਤਰ ਬਲਕਰਨ ਸਿੰਘ ਬਰਾੜ, ਸਮੂਹ ਕਮੇਟੀ ਮੈਂਬਰਾਂ ਤੇ ਪਿ੍ੰਸੀਪਲ ਮੈਡਮ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਬਚਾਉਣ ਦਾ ਸੰਦੇਸ਼ ਦਿੱਤਾ ਅਤੇ ਵੱਖ-ਵੱਖ ਮੁਕਾਬਲਿਆਂ 'ਚ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ |