ਜਲਾਲਾਬਾਦ, 24 ਫਰਵਰੀ (ਹਰਪ੍ਰੀਤ ਸਿੰਘ ਪਰੂਥੀ)-ਉਸਾਰੀ ਕਿਰਤੀ ਲਾਭਪਾਤਰੀਆਂ ਨੂੰ ਸਮੇਂ ਸਿਰ ਲਾਭ ਨਾ ਮਿਲਣ, ਦਫ਼ਤਰਾਂ ਵਿਚ ਹੁੰਦੀ ਖੱਜਲ ਖ਼ੁਆਰੀ,ਗੈਰ ਵਾਜਿਬ ਲਗਾਏ ਜਾ ਰਹੇ ਓਬਜੈਕਸ਼ਨਾਂ ਤੇ ਆਪ ਹੁਦਰੇ ਢੰਗ ਨਾਲ ਸਕੀਮਾਂ 'ਚ ਬਦਲਾਅ ਕਰਨ ਖ਼ਿਲਾਫ਼ 26 ਫਰਵਰੀ ਨੂੰ ਅਸਿਸਟੈਂਟ ਲੇਬਰ ਕਮਿਸ਼ਨਰ ਦਫ਼ਤਰ ਫ਼ਾਜ਼ਿਲਕਾ ਸਾਹਮਣੇ ਧਰਨਾ ਦਿੱਤਾ ਜਾਵੇਗਾ | ਇਸ ਸੰਬੰਧੀ ਕੰਸਟਰੱਕਸ਼ਨ ਵਰਕਰ ਐਂਡ ਲੇਬਰ ਯੂਨੀਅਨ (ਰਜਿ:) ਏਟਕ ਸੂਬਾ ਡਿਪਟੀ ਜਨਰਲ ਸਕੱਤਰ ਐਡਵੋਕੇਟ ਪਰਮਜੀਤ ਢਾਬਾਂ ਤੇ ਜ਼ਿਲ੍ਹਾ ਸਕੱਤਰ ਸੋਨਾ ਧੁੰਨਕੀਆਂ ਦੱਸਿਆ ਕਿ ਪਿਛਲੇ ਸਮੇਂ ਤੋਂ ਬੋਰਡ ਦੀ ਮੀਟਿੰਗ ਨਾ ਹੋਣ ਕਾਰਨ ਕਿਰਤ ਵਿਭਾਗ ਵਲੋਂ ਗ਼ਲਤ ਤਰੀਕੇ ਨਾਲ ਸਕੀਮਾਂ 'ਚ ਬਦਲਾਅ ਕੀਤਾ ਜਾ ਰਿਹਾ ਹੈ | ਇਸ ਸਬੰਧੀ ਯੂਨੀਅਨ ਵਲੋਂ ਮੋਗਾ ਵਿਖੇ ਹੋਈ ਮੀਟਿੰਗ 'ਚ ਵਿਚਾਰ ਕਰਨ ਉਪਰੰਤ ਮਹਿਕਮਾ ਲੇਬਰ ਖ਼ਿਲਾਫ਼ ਸੰਘਰਸ਼ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ | ਆਗੂਆਂ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਫ਼ਾਜ਼ਿਲਕਾ ਅੰਦਰ ਕਿਰਤ ਦਫ਼ਤਰਾਂ 'ਚ ਵਾਰ-ਵਾਰ ਚੱਕਰ ਕੱਢਣੇ ਪੈ ਰਹੇ ਹਨ ਅਤੇ ਸੇਵਾ ਕੇਂਦਰਾਂ ਵਲੋਂ ਨਾਜਾਇਜ਼ ਤੌਰ 'ਤੇ ਗੈਰ-ਵਾਜਿਬ ਇਤਰਾਜ਼ ਲਗਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਸੂਬਾ ਕਮੇਟੀ ਵਲੋਂ ਕੀਤੇ ਗਏ ਫ਼ੈਸਲੇ ਅਨੁਸਾਰ 26 ਫਰਵਰੀ ਨੂੰ ਸੂਬੇ ਦੇ ਅਸਿਸਟੈਂਟ ਲੇਬਰ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਧਰਨੇ ਦਿੱਤੇ ਜਾ ਰਹੇ ਹਨ | ਇਸ ਮੌਕੇ ਸੰਬੋਧਨ ਕਰਦਿਆਂ ਯੂਨੀਅਨ ਦੇ ਬਲਾਕ ਸਕੱਤਰ ਪਰਮਜੀਤ ਸਿੰਘ ਸੋਹਣਾ ਸਾਂਦੜ ਤੇ ਬਲਾਕ ਮੀਤ ਪ੍ਰਧਾਨ ਰਾਜ ਖੀਵਾ ਨੇ ਕਿਹਾ ਕਿ ਉਸਾਰੀ ਕਿਰਤੀ ਲਾਭਪਾਤਰੀਆਂ ਨੂੰ ਪਿੰਡ ਪਿੰਡ ਜਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ | ਇਸ ਮੌਕੇ ਯੂਨੀਅਨ ਦੇ ਬਲਾਕ ਮੀਤ ਸਕੱਤਰ ਕਰਨੈਲ ਬੱਗੇ ਕੇ ਕਮੇਟੀ ਮੈਂਬਰ ਲਖਵਿੰਦਰ ਧਾਲੀਵਾਲ, ਸੁਨੀਲ, ਬਚਨ ਸਿੰਘ, ਜਸਵਿੰਦਰ ਸਿੰਘ ਖੀਵਾ, ਰਾਜ ਸਿੰਘ, ਪਰਮਜੀਤ ਫੱਤੂਵਾਲਾ ਤੇ ਜਸਵਿੰਦਰ ਜੱਸੀ ਵੀ ਹਾਜ਼ਰ ਸਨ |