ਅਬੋਹਰ, 24 ਫਰਵਰੀ (ਵਿਵੇਕ ਹੂੜੀਆ)-ਡਾ. ਕਵਿਤਾ ਸਿੰਘ ਸਿਵਲ ਸਰਜਨ ਫ਼ਾਜ਼ਿਲਕਾ ਦੀ ਉਚੇਚੀ ਨਿਗਰਾਨੀ 'ਚ ਕਾਰਜਕਾਰੀ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਿੰਕੂ ਚਾਵਲਾ ਦੀ ਦੇਖ-ਰੇਖ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਨਮਾਨ ਮਾਂਜੀ ਦੀ ਅਗਵਾਈ 'ਚ ਸੱਚਖੰਡ ਨਰਸਿੰਗ ਕਾਲਜ ਅਬੋਹਰ ਵਿਖੇ ਆਭਾ ਆਈ. ਡੀ. ਬਣਾਉਣ ਸੰਬੰਧੀ ਵਿਦਿਆਰਥੀਆਂ ਦੀ ਟ੍ਰੇਨਿੰਗ ਕਰਵਾਈ ਗਈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਕਵਿਤਾ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਇਲਾਜ ਸੰਬੰਧੀ ਰਿਕਾਰਡ ਨੂੰ ਆਯੂਸ਼ਮਾਨ ਭਾਰਤ ਡਿਜੀਟਲ ਮਿਸ਼ਨ ਤਹਿਤ ਆਨਲਾਈਨ ਕੀਤਾ ਜਾ ਰਿਹਾ ਹੈ, ਜਿਸ ਲਈ ਇਕ ਯੂਨੀਕ ਆਭਾ ਆਈ. ਡੀ. ਬਣਾਈਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਆਭਾ ਆਈ. ਡੀ., ਸਮੂਹ ਸਿਹਤ ਕੇਂਦਰ 'ਚ ਬਿਲਕੁਲ ਮੁਫ਼ਤ ਬਣਾਈ ਜਾ ਰਹੀ ਹੈ | ਇਸ ਸੰਬੰਧੀ ਐੱਚ. ਐਮ. ਆਈ. ਐੱਸ. ਡਵੀਜ਼ਨਲ ਕੋਆਰਡੀਨੇਟਰ ਸੰਦੀਪ ਗਰੋਵਰ ਨੇ ਦੱਸਿਆ ਕਿ ਆਭਾ ਕਿਊ.ਆਰ. ਕੋਡ ਸਕੈਨ ਐਂਡ ਸ਼ੇਅਰ, ਹਸਪਤਾਲ 'ਚ ਇਲਾਜ ਲਈ ਆਉਣ ਵਾਲੇ ਲੋਕਾਂ ਲਈ ਬਹੁਤ ਵਧੀਆ ਸਹੂਲਤ ਹੈ | ਇਸ ਆਭਾ ਆਈ. ਡੀ. ਦਾ ਫ਼ਾਇਦਾ ਹੈ ਕਿ ਜਦੋਂ ਤੁਸੀਂ ਕਿਸੇ ਵੀ ਹਸਪਤਾਲ 'ਚ ਪੁੱਜ ਕੇ ਉੱਥੇ ਲੱਗੇ ਕਿਊ.ਆਰ. ਕੋਡ ਨੂੰ ਸਕੈਨ ਕਰੋਗੇ ਤਾਂ ਤੁਹਾਡੀ ਬਿਨਾਂ ਲਾਈਨ 'ਚ ਲੱਗਿਆ ਪਰਚੀ ਕੱਟੀ ਜਾ ਸਕੇਗੀ, ਜੇਕਰ ਤੁਹਾਡੇ ਕੋਲ ਹਸਪਤਾਲ ਦਾ ਕਿਊ. ਆਰ ਕੋਡ ਮੌਜੂਦ ਹੈ ਤਾਂ ਤੁਸੀਂ ਆਭਾ ਐਪ ਤੋਂ ਹਸਪਤਾਲ ਪਹੁੰਚਣ ਤੋਂ ਪਹਿਲਾਂ ਵੀ ਟੋਕਨ ਜਨਰੇਟ ਕਰ ਸਕਦੇ ਹੋ | ਇਸ ਨਾਲ ਇਲਾਜ 'ਚ ਹੋਣ ਵਾਲੀ ਦੇਰੀ ਤੋਂ ਬਚਿਆ ਜਾ ਸਕਦਾ ਹੈ | ਇਸ ਮੌਕੇ ਮਾਸ ਮੀਡੀਆ ਵਿੰਗ ਤੋਂ ਵਿਨੋਦ ਖੁਰਾਨਾ, ਮਨਬੀਰ ਸਿੰਘ, ਦਿਵੇਸ਼ ਕੁਮਾਰ, ਡੀ. ਐਮ. ਈ. ਓ. ਪੂਜਾ, ਕਾਲਜ ਪਿ੍ੰਸੀਪਲ ਡਾ. ਬਲਜਿੰਦਰ ਕੌਰ, ਸਟਾਫ਼ ਤੇ ਨਰਸਿੰਗ ਸਟੂਡੈਂਟ ਮੌਜੂਦ ਸਨ |