ਅਬੋਹਰ, 25 ਫਰਵਰੀ(ਵਿਵੇਕ ਹੂੜੀਆ)-ਸਥਾਨਕ ਵਿਧਾਇਕ ਸੰਦੀਪ ਜਾਖੜ ਦੇ ਵਿਸ਼ੇਸ਼ ਯਤਨਾਂ ਸਦਕਾ ਰੇਲਵੇ ਪ੍ਰਸ਼ਾਸਨ ਵਲੋਂ ਮੁਸਾਫ਼ਰਾਂ ਦੀ ਸਹੂਲਤ ਲਈ ਸ੍ਰੀਗੰਗਾਨਗਰ ਤੋਂ ਈਦਗਾਹ (ਆਗਰਾ) ਦਰਮਿਆਨ ਹਫ਼ਤਾਵਾਰੀ ਸਪੈਸ਼ਲ ਰੇਲ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ | ਸਮਾਜ ਸੇਵੀ ਵਿਕਾਸ ਸਿੰਗਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੱਡੀ ਨੰਬਰ 04733 ਸ੍ਰੀਗੰਗਾਨਗਰ ਤੋਂ ਈਦਗਾਹ ਹਫ਼ਤਾਵਾਰੀ ਸਪੈਸ਼ਲ ਰੇਲਗੱਡੀ 4 ਮਾਰਚ ਤੋਂ 25 ਮਾਰਚ 2026 ਤੱਕ ਹਰ ਬੁੱਧਵਾਰ ਦੁਪਹਿਰ 02:30 ਵਜੇ ਸ੍ਰੀਗੰਗਾਨਗਰ ਤੋਂ ਰਵਾਨਾ ਹੋਵੇਗੀ | ਇਹ ਗੱਡੀ ਦੁਪਹਿਰ 3:12 ਵਜੇ ਅਬੋਹਰ ਪਹੁੰਚੇਗੀ ਅਤੇ ਅਗਲੇ ਦਿਨ ਸਵੇਰੇ 5:15 ਵਜੇ ਈਦਗਾਹ (ਆਗਰਾ) ਪਹੁੰਚੇਗੀ | ਇਸੇ ਤਰ੍ਹਾਂ ਗੱਡੀ ਨੰਬਰ 04734 ਈਦਗਾਹ ਤੋਂ ਸ੍ਰੀਗੰਗਾਨਗਰ ਸਪੈਸ਼ਲ ਟਰੇਨ 5 ਮਾਰਚ ਤੋਂ 26 ਮਾਰਚ ਤੱਕ ਹਰ ਵੀਰਵਾਰ ਸਵੇਰੇ 7:30 ਵਜੇ ਰਵਾਨਾ ਹੋ ਕੇ ਸ਼ੁੱਕਰਵਾਰ ਤੜਕੇ 1 ਵਜੇ ਅਬੋਹਰ ਅਤੇ 2:30 ਵਜੇ ਸ੍ਰੀਗੰਗਾਨਗਰ ਪਹੁੰਚੇਗੀ | ਇਹ ਟਰੇਨ ਮਲੋਟ, ਬਠਿੰਡਾ, ਰਾਮਾਂ, ਕਾਲਾਂਵਾਲੀ, ਸਿਰਸਾ, ਹਿਸਾਰ, ਭਿਵਾਨੀ, ਰੇਵਾੜੀ, ਅਲਵਰ, ਗੋਵਰਧਨ ਅਤੇ ਮਥੁਰਾ ਸਮੇਤ ਪ੍ਰਮੁੱਖ ਸਟੇਸ਼ਨਾਂ 'ਤੇ ਰੁਕੇਂਗੀ | 19 ਕੋਚਾਂ ਵਾਲੀ ਇਸ ਟਰੇਨ ਵਿਚ ਸੈਕੰਡ ਏ.ਸੀ, ਥਰਡ ਏ.ਸੀ., ਇਕਾਨਮੀ ਅਤੇ ਸਾਧਾਰਨ ਸ਼੍ਰੇਣੀ ਦੇ ਡੱਬੇ ਲਗਾਏ ਗਏ ਹਨ | ਵਿਕਾਸ ਸਿੰਗਲਾ ਨੇ ਦੱਸਿਆ ਕਿ ਇਸ ਰੇਲ ਸੇਵਾ ਨਾਲ ਭਗਵਾਨ ਸ੍ਰੀ ਕਿ੍ਸ਼ਨ ਦੀ ਨਗਰੀ ਮਥੁਰਾ ਅਤੇ ਗੋਵਰਧਨ ਜਾਣ ਵਾਲੇ ਸ਼ਰਧਾਲੂਆਂ ਨੂੰ ਸਿੱਧਾ ਫ਼ਾਇਦਾ ਹੋਵੇਗਾ | ਉਨ੍ਹਾਂ ਨੇ ਵਿਧਾਇਕ ਸੰਦੀਪ ਜਾਖੜ, ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਇਸ ਟਰੇਨ ਨੂੰ ਭਰਵਾਂ ਹੁੰਗਾਰਾ ਮਿਲਿਆ ਤਾਂ ਭਵਿੱਖ ਵਿਚ ਇਸ ਨੂੰ ਰੈਗੂਲਰ ਕਰਨ ਦੀ ਸੰਭਾਵਨਾ ਵਧ ਜਾਵੇਗੀ |