ਫ਼ਾਜ਼ਿਲਕਾ, 6 ਮਾਰਚ (ਦਵਿੰਦਰ ਪਾਲ ਸਿੰਘ)-ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਚੰਦੋਰ ਮੁਹੱਲਾ ਨਵੀਂ ਆਬਾਦੀ ਵਿਖੇ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਦੇ ਲੈਂਟਰ ਪਾਉਣ ਦੀ ਸ਼ੁਰੂਆਤ ਕਰਵਾਈ | ਇਸ ਮੌਕੇ ਉਨ੍ਹਾਂ ਨਾਲ ਐੱਸ.ਡੀ.ਓ ਪੰਚਾਇਤੀ ਰਾਜ ਮਨਪ੍ਰੀਤ ਸਿੰਘ ਵੀ ਮੌਜੂਦ ਸਨ | ਵਿਧਾਇਕ ਸਵਨਾ ਨੇ ਸਮੂਹ ਚੰਦੋਰ ਮਹੱਲਾ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਤੁਹਾਡੇ ਵਲੋਂ ਇੱਥੇ ਧਰਮਸ਼ਾਲਾ ਬਣਾਉਣ ਦੀ ਕਾਫ਼ੀ ਸਮਾਂ ਪਹਿਲਾ ਮੰਗ ਕੀਤੀ ਗਈ ਸੀ ਅਤੇ ਹੁਣ ਤੁਹਾਡੀ ਇਹ ਮੰਗ ਪੰਜਾਬ ਸਰਕਾਰ ਵਲੋਂ ਪੂਰੀ ਕਰ ਦਿੱਤੀ ਗਈ ਹੈ | ਜਿਸ ਲਈ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੀ ਤਹਿ ਦਿਲੋਂ ਧੰਨਵਾਦੀ ਹਨ, ਜਿਨ੍ਹਾਂ ਨੇ ਇੱਥੇ ਧਰਮਸ਼ਾਲਾ ਦੇ ਲੈਂਟਰ ਲਈ 4 ਲੱਖ 80 ਹਜ਼ਾਰ ਦੀ ਰਾਸ਼ੀ ਭੇਜੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਵਰਗ ਦੀ ਭਲਾਈ ਲਈ ਯਤਨਸ਼ੀਲ ਹੈ | ਉਨ੍ਹਾਂ ਸਾਰੇ ਕਮੇਟੀ ਮੈਂਬਰਾਂ, ਸੇਵਾਦਾਰਾਂ ਤੇ ਸੰਗਤਾਂ ਨੂੰ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਵਿਚ ਲੈਂਟਰ ਪਾਉਣ ਦੇ ਨਾਲ ਨਾਲ ਹੇਠਾਂ ਟਾਈਲਾਂ ਵੀ ਲਗਾਈਆਂ ਜਾਣਗੀਆਂ ਅਤੇ ਇਹ ਕਾਰਜ ਲਗਭਗ 2 ਮਹੀਨਿਆਂ ਵਿਚ ਪੂਰਾ ਹੋ ਜਾਵੇਗਾ | ਜਿਸ ਉਪਰੰਤ ਉਹ ਆਪਣਾ ਕੋਈ ਵੀ ਧਾਰਮਿਕ ਸਮਾਗਮ ਜਾਂ ਪ੍ਰੋਗਰਾਮ ਇੱਥੇ ਕਰ ਸਕਣਗੇ | ਉਨ੍ਹਾਂ ਵਾਸੀਆਂ ਨੂੰ ਕਿਹਾ ਕਿ ਜੇਕਰ ਹੋਰ ਵੀ ਗਰਾਂਟ ਜਾਂ ਪੈਸੇ ਦੀ ਲੋੜ ਹੈ ਤਾਂ ਬੇਝਿਜਕ ਹੋ ਕੇ ਉਨ੍ਹਾਂ ਨੂੰ ਦੱਸ ਦੇਣ ਤਾਂ ਜੋ ਉਹ ਵੀ ਡਿਮਾਂਡ ਪੂਰੀ ਕੀਤੀ ਜਾ ਸਕੇ | ਇਸ ਤੋਂ ਇਲਾਵਾ ਜੇਕਰ ਕਿਸੇ ਵੀ ਤਰ੍ਹਾਂ ਦੇ ਹੋਰ ਮਸਲੇ ਜਾਂ ਮੁਸ਼ਕਿਲ ਹੈ ਤਾਂ ਉਹ ਵੀ ਉਨ੍ਹਾਂ ਦੇ ਧਿਆਨ ਵਿਚ ਲਿਆਉਣ ਤਾਂ ਜੋ ਉਸ ਦਾ ਵੀ ਹੱਲ ਕੀਤਾ ਜਾ ਸਕੇ | ਉਨ੍ਹਾਂ ਕਿਹਾ ਕਿ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਤੁਹਾਡੇ ਆਮ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਜੋ ਤੁਹਾਡੀ ਮਦਦ ਲਈਏ ਹਮੇਸ਼ਾ ਤਿਆਰ ਰਹਿੰਦੀ ਹੈ | ਮੈਂ ਤੁਹਾਡੇ ਲੋਕਾਂ ਦਾ ਚੁਣਿਆ ਹੋਇਆ ਹੀ ਤੁਹਾਡਾ ਹੀ ਵਿਧਾਇਕ ਹਾਂ ਤੇ ਮੈਨੂੰ ਤੁਸੀਂ ਆਪਣੀ ਹਰ ਤਰ੍ਹਾਂ ਦੀ ਮੁਸ਼ਕਿਲ ਦੱਸ ਸਕਦੇ ਹੋ |