ਅਬੋਹਰ, 11 ਮਾਰਚ (ਵਿਵੇਕ ਹੂੜੀਆ)-ਸਮਾਜ ਵਿਰੋਧੀ ਅਨਸਰਾਂ 'ਤੇ ਨਕੇਲ ਕੱਸਣ ਲਈ ਚਲਾਈ ਗਈ ਮੁਹਿੰਮ ਤਹਿਤ ਆਈ.ਜੀ. ਵਲੋਂ ਅਬੋਹਰ ਖੇਤਰ ਦਾ ਦੌਰਾ ਕੀਤਾ ਗਿਆ | ਇਸ ਦੌਰਾਨ ਉਨ੍ਹਾਂ ਨੇ ਜ਼ਿਲ੍ਹਾ ਫ਼ਾਜ਼ਿਲਕਾ ਅਤੇ ਅਬੋਹਰ ਦੇ ਪੁਲਿਸ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਅਤੇ ਵੱਖ-ਵੱਖ ਥਾਵਾਂ 'ਤੇ ਲਗਾਏ ਗਏ ਪੁਲਿਸ ਨਾਕਿਆਂ 'ਤੇ ਚੈੱਕ ਪੋਸਟਾਂ ਦਾ ਖ਼ੁਦ ਨਿਰੀਖਣ ਕੀਤਾ | ਇਸ ਮੌਕੇ ਉਨ੍ਹਾਂ ਦੇ ਨਾਲ ਐੱਸ.ਪੀ.ਗੁਰਮੀਤ ਸਿੰਘ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਆਈ.ਜੀ. ਨੇ ਆਪਣੇ ਦੌਰੇ ਦੌਰਾਨ ਅਬੋਹਰ ਦੇ ਫ਼ਾਜ਼ਿਲਕਾ ਰੋਡ 'ਤੇ ਪੁੱਡਾ ਕਾਲੋਨੀ ਨੇੜੇ ਬਣਨ ਵਾਲੀ ਨਵੀਂ ਚੈੱਕ ਪੋਸਟ ਦਾ ਜਾਇਜ਼ਾ ਲਿਆ | ਉਨ੍ਹਾਂ ਕਿਹਾ ਕਿ ਇਸ ਮਾਰਗ 'ਤੇ ਚੈੱਕ ਪੋਸਟ ਬਣਨ ਨਾਲ ਪੁਲਿਸ ਬਲ ਹਰ ਵੇਲੇ ਤਾਇਨਾਤ ਰਹੇਗਾ ਅਤੇ ਆਉਣ-ਜਾਣ ਵਾਲੇ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਸਕੇਗੀ, ਜਿਸ ਨਾਲ ਗੁੰਡਾ ਅਨਸਰਾਂ ਨੂੰ ਕਾਬੂ ਕਰਨ ਵਿਚ ਆਸਾਨੀ ਹੋਵੇਗੀ | ਇਸ ਤੋਂ ਇਲਾਵਾ ਉਨ੍ਹਾਂ ਪਿੰਡ ਬਹਾਵਵਾਲਾ ਅਤੇ ਗੁਮਜਾਲ ਬੈਰੀਅਰ 'ਤੇ ਲੱਗੇ ਪੱਕੇ ਨਾਕਿਆਂ ਦੀ ਵੀ ਚੈਕਿੰਗ ਕੀਤੀ | ਆਈ.ਜੀ. ਨੇ ਐੱਸ.ਐੱਸ.ਪੀ.ਅਤੇ ਡੀ.ਐੱਸ.ਪੀ. ਸਮੇਤ ਸਮੂਹ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਰਾਜਸਥਾਨ ਬਾਰਡਰ ਨਾਲ ਜੁੜਨ ਵਾਲੇ ਇਨ੍ਹਾਂ ਮਾਰਗਾਂ 'ਤੇ ਵਾਹਨਾਂ ਦੀ ਸਖ਼ਤ ਤਲਾਸ਼ੀ ਲਈ ਜਾਵੇ | ਐੱਸ.ਐੱਸ.ਪੀ. ਨੇ ਭਰੋਸਾ ਦਿੱਤਾ ਕਿ ਪੁਲਿਸ ਪ੍ਰਸ਼ਾਸਨ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਲਗਾਤਾਰ ਕਾਰਵਾਈ ਕਰ ਰਿਹਾ ਹੈ ਅਤੇ ਨਾਕਾਬੰਦੀ ਦੌਰਾਨ ਹਰ ਰੋਜ਼ ਸ਼ੱਕੀ ਵਿਅਕਤੀਆਂ ਨੂੰ ਕਾਬੂ ਕਰਕੇ ਮਾਮਲੇ ਦਰਜ ਕੀਤੇ ਜਾ ਰਹੇ ਹਨ |