ਅਬੋਹਰ,27 ਮਾਰਚ (ਵਿਵੇਕ ਹੂੜੀਆ)-ਸਮਾਜ ਸੇਵੀ ਸੰਸਥਾ 'ਅਰੋੜਾ ਵਿਕਾਸ ਮੰਚ' ਵਲੋਂ ਕੈਂਸਰ ਵਰਗੀ ਗੰਭੀਰ ਬਿਮਾਰੀ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਅਤੇ ਮਰੀਜ਼ਾਂ ਦੀ ਸਹਾਇਤਾ ਲਈ 29 ਮਾਰਚ ਐਤਵਾਰ ਨੂੰ ਇਕ ਵਿਸ਼ੇਸ਼ ਮੁਫ਼ਤ ਕੈਂਸਰ ਜਾਂਚ ਅਤੇ ਜਾਗਰੂਕਤਾ ਕੈਂਪ ਲਗਾਇਆ ਜਾ ਰਿਹਾ ਹੈ | ਇਹ ਕੈਂਪ ਪਟੇਲ ਪਾਰਕ ਨੇੜੇ ਸਥਿਤ ਬੰਬੇ ਇੰਸਟੀਚਿਊਟ ਵਿਖੇ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਚੱਲੇਗਾ | ਸੰਸਥਾ ਦੇ ਪ੍ਰਧਾਨ ਗਗਨ ਚੁੱਘ ਨੇ ਦੱਸਿਆ ਕਿ ਇਹ ਚੌਥਾ ਕੈਂਸਰ ਜਾਗਰੂਕਤਾ ਕੈਂਪ ਹੈ ਜਿਸ ਵਿਚ ਸਿਵਲ ਹਸਪਤਾਲ ਬਠਿੰਡਾ ਦੇ ਪ੍ਰਸਿੱਧ ਕੈਂਸਰ ਮਾਹਿਰ ਡਾ.ਪੁਨੀਤ ਸਲੂਜਾ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ | ਡਾ.ਸਲੂਜਾ ਮਰੀਜ਼ਾਂ ਦੀ ਜਾਂਚ ਕਰਨਗੇ ਅਤੇ ਉਨ੍ਹਾਂ ਨੂੰ ਸਹੀ ਇਲਾਜ ਤੇ ਅਗਲੀ ਪ੍ਰਕਿਰਿਆ ਬਾਰੇ ਮਾਰਗ ਦਰਸ਼ਨ ਦੇਣਗੇ | ਡਾ.ਸਲੂਜਾ ਨੇ ਅਪੀਲ ਕੀਤੀ ਹੈ ਕਿ ਲੋਕ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ ਤਾਂ ਜੋ ਕੈਂਸਰ ਵਰਗੀ ਬਿਮਾਰੀ ਦਾ ਪਹਿਲੀ ਸਟੇਜ 'ਤੇ ਹੀ ਪਤਾ ਲਗਾਇਆ ਜਾ ਸਕੇ | ਗਗਨ ਚੁੱਘ ਅਨੁਸਾਰ ਇਸ ਮੁਹਿੰਮ ਦਾ ਮੁੱਖ ਉਦੇਸ਼ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ 'ਤੇ ਇਲਾਜ ਦੇ ਆਰਥਿਕ ਬੋਝ ਨੂੰ ਘਟਾਉਣਾ ਹੈ | ਕੈਂਪ ਵਿਚ ਆਉਣ ਵਾਲੇ ਮਰੀਜ਼ਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੀਆਂ ਪੁਰਾਣੀਆਂ ਮੈਡੀਕਲ ਰਿਪੋਰਟਾਂ ਨਾਲ ਲੈ ਕੇ ਆਉਣ |