ਅਬੋਹਰ, 2 ਅਪ੍ਰੈਲ (ਤੇਜਿੰਦਰ ਸਿੰਘ ਖ਼ਾਲਸਾ)-ਕਾਮਰੇਡ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿਖੇ ਆਸ਼ਾ ਵਰਕਰਜ਼ ਫੈਸੀਲਿਟੇਟਰਜ਼ ਸਾਂਝਾ ਮੋਰਚਾ ਪੰਜਾਬ ਦੀ ਮੀਟਿੰਗ ਹੋਈ | ਮੀਟਿੰਗ ਦੀ ਪ੍ਰਧਾਨਗੀ ਸਾਂਝੇ ਮੋਰਚੇ ਦੇ ਚੇਅਰਮੈਨ ਸੁਖਵਿੰਦਰ ਕੌਰ ਸੁੱਖੀ ਮਾਨਸਾ ਨੇ ਕੀਤੀ | ਮੀਟਿੰਗ ਵਿਚ ਚਾਰ ਜਥੇਬੰਦੀ ਦੇ ਕਨਵੀਨਰਾਂ ਵਲੋਂ ਅਮਰਜੀਤ ਕੌਰ ਰਣ ਸਿੰਘ ਵਾਲਾ, ਰਹਿੰਦਰ ਕੌਰ ਸ਼ੁਤਰਾਣਾ, ਸੰਤੋਸ਼ ਕੁਮਾਰੀ ਫ਼ਿਰੋਜ਼ਪੁਰ, ਬਲਕਰਨ ਕੌਰ ਅਬੋਹਰ ਵਲ਼ੋਂ ਆਮ ਆਦਮੀ ਪਾਰਟੀ ਸਰਕਾਰ ਦੀ ਆਸ਼ਾ ਵਰਕਰਾਂ ਪ੍ਰਤੀ ਨਾ ਪੱਖੀ ਹੁੰਗਾਰੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਲਕਰਨ ਕੌਰ ਅਬੋਹਰ ਨੇ ਦੱਸਿਆ ਕਿ ਸਾਨੂੰ ਆਪ ਸਰਕਾਰ ਨੂੰ ਪੂਰੇ 4 ਸਾਲਾਂ ਵਿਚ ਹਰ ਤਰੀਕੇ ਨਾਲ ਬੇਨਤੀ ਕਰਦੇ ਹੋ ਗਏ ਹਨ | ਜਿਸ ਤਹਿਤ ਸਿਹਤ ਵਿਭਾਗ ਦੇ ਅਧਿਕਾਰੀਆਂ ਤੋਂ ਲੈ ਕੇ ਹਰ ਅਫ਼ਸਰਾਂ ਰਾਹੀਂ ਆਪਣੀਆਂ ਮੰਗਾਂ ਦੇ ਸੰਬੰਧ ਵਿਚ ਮੰਗ ਪੱਤਰ ਸੌਂਪੇ ਗਏ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਹਰ ਮੰਗ ਪੱਤਰ ਨੂੰ ਦੇਖ ਕੇ ਮਸਲਾ ਹੱਲ ਕਰਨ ਦੀ ਬਜਾਏ ਅੱਖੋਂ ਪਰੋਖੇ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਚੱਲ ਰਹੀ ਵਿਕਾਸ ਦੇ ਨਾਂ 'ਤੇ ਹਰ ਰੈਲੀ ਵਿਚ ਸ਼ਾਮਲ ਹੁੰਦੇ ਹੋਏ ਮੰਗ ਪੱਤਰ ਦੇਣ ਦੀ ਕੋਸ਼ਿਸ਼ ਕੀਤੀ ਗਈ | ਉਨ੍ਹਾਂ ਦੀਆਂ ਮੰਗਾਂ ਵਿਚ ਰੈਗੂਲਰ 28000 ਰੁਪਏ ਉਜਰਤ ਹੋਣ ਤੱਕ ਡੀ.ਸੀ ਰੇਟ ਦਿੱਤਾ ਜਾਵੇ, ਸੇਵਾ ਮੁਕਤ ਵਰਕਰਾਂ ਨੂੰ ਹਰਿਆਣਾ ਦੀ ਤਰਜ਼ 'ਤੇ ਸਹਾਇਤਾ ਫ਼ੰਡ 5 ਲੱਖ ਰੁਪਏ, ਪੈਨਸ਼ਨ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਤਹਿਤ ਫ਼ੰਡਾਂ ਵਿਚੋਂ ਫਿਕਸ ਭੱਤਾ 2500 ਰੁਪਏ ਨੂੰ ਦੁੱਗਣਾ ਕੀਤਾ ਜਾਵੇ, ਫੈਸੀਲਿਟੇਟਰਜ ਦਾ ਟੂਰ ਮਨੀ ਦਾ ਕੀਤਾ ਵਾਅਦਾ 500 ਰੁਪਏ ਦਾ ਨੋਟੀਫ਼ਿਕੇਸ਼ਨ ਜਾਰੀ ਕੀਤਾ ਜਾਵੇ, ਕਲਾਸ ਫੋਰ ਦੀ ਹਰ ਕੈਟਾਗਰੀ ਵਿਚ ਭਰਤੀ ਸੀਨੀਅਰਤਾ ਸੂਚੀ ਅਨੁਸਾਰ 10 ਫ਼ੀਸਦੀ ਕੋਟਾ ਰਾਖਵਾਂ ਕੀਤਾ ਜਾਵੇ ਆਦਿ ਸ਼ਾਮਲ ਹਨ | ਪ੍ਰਧਾਨ ਸੁਖਵਿੰਦਰ ਕੌਰ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਨਾਲ ਪੈਨਲ ਮੀਟਿੰਗ ਰਾਹੀ ਹੱਲ ਨਹੀਂ ਹੁੰਦਾ ਤਾਂ ਪੰਜਾਬ ਭਰ ਦੀਆਂ ਸੈਂਕੜੇ ਆਸ਼ਾ ਵਰਕਰਜ਼ ਫੈਸੀਲਿਟੇਟਰਜ਼ ਧੂਰੀ ਵਿਖੇ 9 ਅਪ੍ਰੈਲ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਫ਼ਤਰ ਅੱਗੇ ਪੱਕਾ ਮੋਰਚਾ ਲਗਾਉਣਗੇ | ਇਸ ਮੌਕੇ ਪੰਜਾਬ ਜਰਨਲ ਸਕੱਤਰ ਬਲਵੀਰ ਕੌਰ ਗਿੱਲ ਲੁਧਿਆਣਾ, ਹਰਦੀਪ ਕੌਰ ਕਪੂਰਥਲਾ, ਸੀਨੀਅਰ ਮੀਤ ਪ੍ਰਧਾਨ ਦੁਰਗਾ ਬਾਈ, ਨੀਲਮ ਰਾਣੀ ਫ਼ਾਜ਼ਿਲਕਾ, ਕਮਲਪ੍ਰੀਤ ਕੌਰ ਫ਼ਤਿਹਗੜ੍ਹ ਸਾਹਿਬ, ਛਿੰਦਰਪਾਲ ਕੌਰ ਮੋਗਾ, ਨਿੰਦਰ ਕੌਰ ਮੋਗਾ, ਕੁਲਵੰਤ ਕੌਰ ਬਲਾਕ ਮੀਆਂਵਿੰਡ ਸਕੱਤਰ, ਹਰਸਿਮਰਤ ਕੌਰ ਮੀਆਂਵਿੰਡ, ਰੁਪਿੰਦਰ ਕੌਰ ਸੰਗਰੂਰ, ਕਿਰਨ ਬਾਲਾ ਫ਼ਾਜ਼ਿਲਕਾ ਆਦਿ ਹਾਜ਼ਰ ਸਨ |