ਫ਼ਾਜ਼ਿਲਕਾ, 2 ਅਪ੍ਰੈਲ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਫ਼ਾਜ਼ਿਲਕਾ ਡਾ.ਹਰਪ੍ਰੀਤਪਾਲ ਕੌਰ ਨੇ ਦੱਸਿਆ ਕਿ ਐਗ੍ਰੀਸਟੈਕ ਫਾਰਮਰ ਰਜਿਸਟਰੀ ਤਹਿਤ ਕਿਸਾਨ ਆਈ. ਡੀ. ਤਿਆਰ ਕਰਨ ਦੀ ਪ੍ਰਕਿਰਿਆ ਇਸ ਸਮੇਂ ਜ਼ਿਲ੍ਹੇ ਵਿਚ ਚੱਲ ਰਹੀ ਹੈ | ਸਮੂਹ ਕਿਸਾਨ ਵੀਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਹੁਣ ਤੋਂ ਬਾਅਦ ਪ੍ਰਧਾਨ ਮੰਤਰੀ ਕਿਸਾਨ ਸਮਾਨ ਨਿਧੀ (ਪੀ.ਐਮ -ਕਿਸਾਨ) ਯੋਜਨਾ ਦਾ ਲਾਭ ਲੈਣ ਲਈ ਫਾਰਮਰ ਆਈ.ਡੀ.ਦਾ ਪੀ.ਐਮ-ਕਿਸਾਨ ਡਾਟਾਬੇਸ ਨਾਲ ਸੀਡਿੰਗ ਕਰਨਾ ਲਾਜ਼ਮੀ ਹੋਵੇਗਾ | ਸਿਰਫ਼ ਉਹੀ ਕਿਸਾਨ ਯੋਜਨਾ ਦਾ ਲਾਭ ਪ੍ਰਾਪਤ ਕਰ ਸਕਣਗੇ ਜਿਨ੍ਹਾਂ ਦੀ ਫਾਰਮਰ ਆਈ.ਡੀ.ਤਿਆਰ ਹੋ ਚੁੱਕੀ ਹੋਵੇਗੀ ਅਤੇ ਉਹ ਪੀ.ਐਮ-ਕਿਸਾਨ ਡਾਟਾਬੇਸ ਨਾਲ ਜੋੜੀ ਹੋਵੇਗੀ | ਫਾਰਮਰ ਆਈ.ਡੀ. ਬਣਾਉਣ ਦਾ ਕੰਮ ਕਾਮਨ ਸਰਵਿਸ ਸੈਂਟਰਾਂ ਰਾਹੀਂ ਕੀਤਾ ਜਾ ਰਿਹਾ ਹੈ | ਪਿੰਡ ਪੱਧਰ 'ਤੇ ਇਹ ਕੰਮ ਵਿਲੇਜ ਲੈਵਲ ਇੰਟਰਪਿ੍ਨਿਊਰ ਵਲੋਂ ਕੀਤਾ ਜਾ ਰਿਹਾ ਹੈ | ਕਿਸਾਨ ਆਪਣੇ ਨੇੜਲੇ ਕਾਮਨ ਸਰਵਿਸ ਸੈਂਟਰ 'ਤੇ ਜਾ ਕੇ ਜ਼ਰੂਰੀ ਦਸਤਾਵੇਜ਼ਾਂ, ਆਧਾਰ ਕਾਰਡ, ਜਮਾਂਬੰਦੀ ਅਤੇ ਰਜਿਸਟਰਡ ਮੋਬਾਈਲ ਨੰਬਰ ਨਾਲ ਆਪਣੀ ਫਾਰਮਰ ਆਈ.ਡੀ.ਬਣਵਾ ਸਕਦੇ ਹਨ | ਮੁੱਖ ਖੇਤੀਬਾੜੀ ਅਫ਼ਸਰ ਡਾ ਹਰਪ੍ਰੀਤਪਾਲ ਕੌਰ ਨੇ ਜ਼ਿਲੇ੍ਹ ਦੇ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਲਦੀ ਤੋਂ ਜਲਦੀ ਆਪਣੀ ਫਾਰਮਰ ਆਈ.ਡੀ. ਬਣਵਾ ਲੈਣ ਤਾਂ ਜੋ ਭਵਿੱਖ ਵਿਚ ਕਿਸੇ ਵੀ ਸਰਕਾਰੀ ਯੋਜਨਾ, ਖ਼ਾਸ ਕਰਕੇ ਪੀ.ਐਮ-ਕਿਸਾਨ ਦੇ ਲਾਭ ਤੋਂ ਵਾਂਝੇ ਨਾ ਰਹਿਣ |