ਜਲਾਲਾਬਾਦ, 2 ਅਪ੍ਰੈਲ (ਕਰਨ ਚੁਚਰਾ)-ਐੱਸ.ਡੀ.ਐੱਮ.ਜਲਾਲਾਬਾਦ ਕੰਵਰਜੀਤ ਸਿੰਘ ਮਾਨ ਨੇ ਵਿਧਾਨ ਸਭਾ ਹਲਕਾ 079-ਜਲਾਲਾਬਾਦ ਦੀਆਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਇਲੈੱਕਸ਼ਨ ਸੁਪਰਵਾਈਜ਼ਰਾਂ ਨਾਲ ਇਕ ਅਹਿਮ ਮੀਟਿੰਗ ਕੀਤੀ | ਇਸ ਦੌਰਾਨ ਉਨ੍ਹਾਂ ਐੱਸ.ਆਈ.ਆਰ.ਅਧੀਨ ਚੱਲ ਰਹੀ ਵੋਟਰ ਸੂਚੀ ਮੈਪਿੰਗ ਪ੍ਰਕਿਰਿਆ ਵਿਚ ਬੀ.ਐਲ.ਓਜ ਨੂੰ ਪੂਰਾ ਸਹਿਯੋਗ ਦੇਣ ਦੀ ਅਪੀਲ ਕੀਤੀ ਤਾਂ ਜੋ ਕੋਈ ਵੀ ਯੋਗ ਵੋਟਰ ਆਪਣੇ ਅਧਿਕਾਰ ਤੋਂ ਵਾਂਝਾ ਨਾ ਰਹੇ | ਐੱਸ.ਡੀ.ਐਮ. ਮਾਨ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਾਲ 2003 ਤੋਂ ਬਾਅਦ ਬਣੇ ਸਾਰੇ ਨਵੇਂ ਵੋਟਰਾਂ ਨੂੰ ਆਪਣੇ ਮਾਤਾ-ਪਿਤਾ ਜਾਂ ਦਾਦਾ-ਦਾਦੀ ਵਿਚੋਂ ਕਿਸੇ ਇਕ ਦੀ 2003 ਦੀ ਵੋਟ ਦਾ ਰਿਕਾਰਡ ਆਪਣੇ ਬੂਥ ਨਾਲ ਸਬੰਧਿਤ ਬੀ.ਐਲ.ਓ. ਨੂੰ ਦੇਣਾ ਹੋਵੇਗਾ | ਇਸੇ ਤਰ੍ਹਾਂ ਜੋ ਅÏਰਤਾਂ ਵਿਆਹ ਤੋਂ ਬਾਅਦ ਦੂਜੇ ਰਾਜਾਂ ਜਾਂ ਪਿੰਡਾਂ ਤੋਂ ਇੱਥੇ ਆਈਆਂ ਹਨ, ਉਨ੍ਹਾਂ ਲਈ ਵੀ ਆਪਣੇ ਪੇਕੇ ਪਰਿਵਾਰ ਦੇ ਕਿਸੇ ਮੈਂਬਰ ਦੀ 2003 ਦੀ ਵੋਟ ਦੀ ਜਾਣਕਾਰੀ ਦੇਣੀ ਲਾਜ਼ਮੀ ਹੈ ਤਾਂ ਜੋ ਵੋਟਰ ਸੂਚੀ ਵਿਚ ਉਨ੍ਹਾਂ ਦਾ ਨਾਮ ਬਰਕਰਾਰ ਰਹਿ ਸਕੇ | ਉਨ੍ਹਾਂ ਦੱਸਿਆ ਕਿ ਜਿਨ੍ਹਾਂ ਵੋਟਰਾਂ ਦੀ ਆਪਣੀ ਵੋਟ 2003 ਤੋਂ ਪਹਿਲਾਂ ਭਾਰਤ ਦੇ ਕਿਸੇ ਵੀ ਰਾਜ ਜਾਂ ਪਿੰਡ ਵਿਚ ਸੀ ਉਹ ਵੀ ਆਪਣਾ ਡਾਟਾ (ਬੂਥ ਨੰਬਰ, ਲੜੀ ਨੰਬਰ ਆਦਿ) ਬੀ.ਐਲ.ਓ. ਨੂੰ ਮੁਹੱਈਆ ਕਰਵਾਉਣ | ਉਨ੍ਹਾਂ ਕਿਹਾ ਕਿ ਇਸ ਕੰਮ ਲਈ ਬੀ.ਐਲ.ਓਜ ਘਰ-ਘਰ ਜਾ ਕੇ ਜਾਣਕਾਰੀ ਇਕੱਠੀ ਕਰ ਰਹੇ ਹਨ | ਐੱਸ.ਡੀ.ਐਮ.ਨੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਜੇਕਰ ਅਧੂਰੀ ਜਾਣਕਾਰੀ ਜਾਂ ਲਾਪਰਵਾਹੀ ਕਾਰਨ ਕੋਈ ਵੋਟਰ ਸੂਚੀ ਵਿਚ ਦਰਜ ਹੋਣ ਤੋਂ ਰਹਿ ਜਾਂਦਾ ਹੈ ਤਾਂ ਵੋਟਿੰਗ ਵੇਲੇ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਉਨ੍ਹਾਂ ਨੇ ਮਜ਼ਬੂਤ ਲੋਕਤੰਤਰ ਲਈ ਹਰ ਵੋਟਰ ਦੀ ਭਾਗੀਦਾਰੀ ਨੂੰ ਅਹਿਮ ਦੱਸਿਆ ਅਤੇ ਲੋਕਾਂ ਨੂੰ ਇਸ ਪ੍ਰਕਿਰਿਆ ਪ੍ਰਤੀ ਜਾਗਰੂਕ ਹੋਣ ਦੀ ਅਪੀਲ ਕੀਤੀ |