ਅਬੋਹਰ, 9 ਅਪ੍ਰੈਲ (ਸੁਖਜੀਤ ਸਿੰਘ ਬਰਾੜ)-ਅਬੋਹਰ ਦੇ ਵਿਧਾਇਕ ਸੰਦੀਪ ਕੁਮਾਰ ਜਾਖੜ ਵਲੋਂ ਇਲਾਕੇ ਪਿੰਡ ਦਲਮੀਰ ਖੇੜਾ, ਸੀਡ ਫਾਰਮ ਆਦਿ ਪਿੰਡਾਂ ਦਾ ਦੌਰਾ ਕਰ ਗੜੇਮਾਰੀ ਨਾਲ ਨੁਕਸਾਨੀਆਂ ਫ਼ਸਲਾਂ ਦਾ ਜਾਇਜ਼ਾ ਲਿਆ ਗਿਆ | ਇਸ ਦੌਰਾਨ ਬਹੁਤ ਸਾਰੇ ਪਿੰਡਾਂ 'ਚ ਹੋਈ ਗੜੇਮਾਰੀ ਨਾਲ ਕਿਸਾਨਾਂ ਦੀਆਂ ਕਣਕ, ਜੋ ਆਦਿ ਫ਼ਸਲਾਂ, ਕਿੰਨੂ ਦੇ ਬਾਗ਼, ਸਬਜ਼ੀਆਂ 'ਚ ਤਾਂ 100 ਫ਼ੀਸਦੀ, ਕਈ ਪਿੰਡਾਂ 'ਚ 70 ਤੋਂ 80 ਫ਼ੀਸਦੀ ਅਤੇ ਕਈ ਪਿੰਡਾਂ 'ਚ 50 ਫ਼ੀਸਦੀ ਫ਼ਸਲਾਂ ਦਾ ਨੁਕਸਾਨ ਹੋ ਗਿਆ ਹੈ | ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਨੇ ਭਾਵੇਂ ਗੜੇਮਾਰੀ ਦੇ ਹੁਕਮ ਦੇ ਦਿੱਤੇ ਹਨ, ਪਰ ਪਟਵਾਰੀ ਅਤੇ ਹੋਰ ਅਮਲਾ ਹਾਲੇ ਪਿੰਡਾਂ 'ਚ ਗਿਰਦਾਵਰੀ ਲਈ ਨਹੀਂ ਪੁੱਜ ਰਿਹਾ | ਉਨ੍ਹਾਂ ਮੁੱਖ ਮੰਤਰੀ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਗਿਰਦਾਵਰੀ ਕਰਨ ਵਾਲੇ ਪਟਵਾਰੀਆਂ ਅਤੇ ਹੋਰ ਅਮਲੇ 'ਤੇ ਸਖ਼ਤੀ ਕਰਕੇ ਖ਼ਰਾਬੇ ਦੀ ਗਿਰਦਾਵਰੀ ਜਲਦੀ ਤੋਂ ਜਲਦੀ ਕਰਵਾਈ ਜਾਵੇ | ਕਿਉਂ ਕਿ ਫ਼ਸਲਾਂ ਪੱਕ ਕੇ ਤਿਆਰ ਹਨ, ਫਿਰ ਕਿਸਾਨਾਂ ਨੇ ਵਾਢੀ ਵੀ ਕਰਨੀ ਹੈ, ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਗੜੇਮਾਰੀ ਨਾਲ ਨੁਕਸਾਨੇ ਕਿੰਨੂ, ਮਾਲਟੇ ਦੇ ਬਾਗ਼ਾਂ ਅਤੇ ਨੁਕਸਾਨੀਆਂ ਸਬਜ਼ੀਆਂ ਦਾ ਵੀ ਮੁਆਵਜ਼ਾ ਦਿੱਤਾ ਜਾਵੇ | ਇਸ ਮੌਕੇ ਸਾਬਕਾ ਸਰਪੰਚ ਗੁਰਸਾਹਿਬ ਸਿੰਘ ਆਦਿ ਵੀ ਹਾਜ਼ਰ ਸਨ |