ਫ਼ਿਰੋਜ਼ਪੁਰ, 9 ਅਪ੍ਰੈਲ (ਰਾਕੇਸ਼ ਚਾਵਲਾ)-ਸ਼ਹਿਰ ਵਿਚ ਸੜਕਾਂ ਦੇ ਵੱਡੇ-ਵੱਡੇ ਖੱਡੇ ਹੁਣ ਲੋਕਾਂ ਲਈ ਜਾਨਲੇਵਾ ਸਾਬਤ ਹੋ ਰਹੇ ਹਨ | ਜਿੱਥੇ ਇਕ ਪਾਸੇ ਆਮ ਆਦਮੀ ਪਾਰਟੀ ਵਲੋਂ ਵਿਕਾਸ ਦੇ ਦਾਅਵੇ ਕੀਤੇ ਜਾ ਰਹੇ ਹਨ | ਉੱਥੇ ਦੂਜੇ ਪਾਸੇ ਇਹ ਦਾਅਵੇ ਜ਼ਮੀਨੀ ਹਕੀਕਤ ਵਿਚ ਖੋਖਲੇ ਦਿੱਖ ਰਹੇ ਹਨ | ਜਾਣਕਾਰੀ ਅਨੁਸਾਰ ਫ਼ਿਰੋਜ਼ਪੁਰ ਦੇ ਰੇਲਵੇ ਪੁਲ ਦੇ ਨੇੜੇ, ਅਕਾਲੀ ਦਲ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਨੰਨੂ ਦੇ ਘਰ ਕੋਲ ਸੜਕ ਦੀ ਹਾਲਤ ਬਹੁਤ ਹੀ ਖ਼ਰਾਬ ਹੋ ਚੁੱਕੀ ਹੈ | ਸੜਕ ਉੱਤੇ ਪਏ ਵੱਡੇ-ਵੱਡੇ ਟੋਏ ਰਾਹਗੀਰਾਂ ਲਈ ਖ਼ਤਰਾ ਬਣੇ ਹੋਏ ਹਨ | ਬੀਤੀ ਰਾਤ ਹਨੇਰੇ ਦੇ ਕਾਰਨ ਇਕ ਵੱਡਾ ਹਾਦਸਾ ਵਾਪਰਿਆ, ਜਦੋਂ ਸੰਦੀਪ ਨਾਮਕ ਵਿਅਕਤੀ ਖੱਡੇ ਦਾ ਅੰਦਾਜ਼ਾ ਨਾ ਲਗਾ ਸਕਿਆ ਅਤੇ ਉਸ ਵਿਚ ਡਿਗ ਕੇ ਗੰਭੀਰ ਜ਼ਖਮੀ ਹੋ ਗਿਆ | ਸਥਾਨਕ ਲੋਕਾਂ ਦੇ ਅਨੁਸਾਰ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ | ਇਸ ਤਰ੍ਹਾਂ ਦੇ ਹਾਦਸੇ ਇੱਥੇ ਰੋਜ਼ਾਨਾ ਹੋ ਰਹੇ ਹਨ | ਹੈਰਾਨੀ ਦੀ ਗੱਲ ਇਹ ਹੈ ਕਿ ਪ੍ਰਸ਼ਾਸਨ ਵਲੋਂ ਕੋਈ ਢੰਗ ਦੀ ਕਾਰਵਾਈ ਨਾ ਕੀਤੇ ਜਾਣ ਕਾਰਨ ਲੋਕਾਂ ਨੂੰ ਖੁਦ ਮੈਦਾਨ ਵਿਚ ਉੱਤਰਨਾ ਪੈ ਰਿਹਾ ਹੈ | ਇਲਾਕਾ ਨਿਵਾਸੀਆਂ ਨੇ ਆਪਣੇ ਪੱਧਰ 'ਤੇ ਹੀ ਇਨ੍ਹਾਂ ਖੱਡਿਆਂ ਨੂੰ ਮਿੱਟੀ ਨਾਲ ਭਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਹੋਰ ਕਿਸੇ ਨੂੰ ਜਾਨੀ ਨੁਕਸਾਨ ਨਾ ਚੱਲਣਾ ਪਵੇ ਲੋਕਾਂ ਦਾ ਕਹਿਣਾ ਹੈ ਕਿ ਜਿਹੜੇ ਕੰਮ ਸਰਕਾਰ ਅਤੇ ਸਬੰਧਤ ਵਿਭਾਗਾਂ ਨੂੰ ਕਰਨੇ ਚਾਹੀਦੇ ਹਨ, ਉਹ ਅਸੀਂ ਆਪ ਕਰਨ ਲਈ ਮਜਬੂਰ ਹੋ ਰਹੇ ਹਾਂ | ਇਸ ਸਬੰਧੀ ਜਦੋਂ ਜ਼ਖਮੀ ਹੋਏ ਪ੍ਰਦੀਪ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਦੱਸਿਆ ਕਿ ਮੌਜੂਦਾ ਸਰਕਾਰਾਂ ਨੂੰ ਇਸ ਸਬੰਧੀ ਜਲਦੀ ਧਿਆਨ ਦੇ ਕੇ ਇਨ੍ਹਾਂ ਦੀ ਮੁਰੰਮਤ ਕਰਵਾਉਣੀ ਚਾਹੀਦੀ ਹੈ ਤਾਂ ਜੋ ਕੋਈ ਹੋਰ ਹਾਦਸਾ ਨਾ ਹੋ ਸਕੇ | ਸਥਾਨਕ ਨਿਵਾਸੀਆਂ ਵਿਚ ਪ੍ਰਸ਼ਾਸਨ ਪ੍ਰਤੀ ਕਾਫ਼ੀ ਰੋਸ ਪਾਇਆ ਜਾ ਰਿਹਾ | ਉਨ੍ਹਾਂ ਦਾ ਕਹਿਣਾ ਹੈ ਕਿ ਕਈ ਵਾਰ ਸ਼ਿਕਾਇਤਾਂ ਦੇ ਬਾਵਜੂਦ ਵੀ ਕੋਈ ਸੁਣਵਾਈ ਨਹੀਂ ਹੋ ਰਹੀ | ਲੋਕਾਂ ਨੇ ਪ੍ਰਸ਼ਾਸਨ ਅਤੇ ਕੈਂਟ ਬੋਰਡ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਸੜਕ ਦੀ ਮੁਰੰਮਤ ਕਰਵਾਈ ਜਾਵੇ, ਨਹੀਂ ਤਾਂ ਹੋਰ ਵੀ ਗੰਭੀਰ ਹਾਦਸੇ ਵਾਪਰ ਸਕਦੇ ਹਨ |