ਫ਼ਾਜ਼ਿਲਕਾ, 10 ਅਪ੍ਰੈਲ (ਦਵਿੰਦਰ ਪਾਲ ਸਿੰਘ)-ਸਰਵ ਭਾਰਤ ਨੌਜਵਾਨ ਸਭਾ ਅਤੇ ਕੁਲ ਹਿੰਦ ਕਿਸਾਨ ਸਭਾ ਦੀ ਅਗਵਾਈ ਹੇਠ ਸਦਰ ਥਾਣਾ ਫ਼ਾਜ਼ਿਲਕਾ ਦਾ ਘਿਰਾਓ ਕੀਤਾ ਗਿਆ | ਇਸ ਰੋਸ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਥਾਣਾ ਮੁਖੀ ਹਰਦੇਵ ਸਿੰਘ ਬੇਦੀ ਅਤੇ ਐੱਸ.ਐੱਸ.ਪੀ.ਫ਼ਾਜ਼ਿਲਕਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਥਾਣਾ ਮੁਖੀ ਦਾ ਪੁਤਲਾ ਫੂਕਿਆ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਸੁਬੇਗ ਝੰਗੜ ਭੈਣੀ, ਕਾਮਰੇਡ ਕਿ੍ਸ਼ਨ ਧਰਮੂਵਾਲਾ, ਕਾਮਰੇਡ ਭਜਨ ਲਾਲ ਫ਼ਾਜ਼ਿਲਕਾ, ਕਾਮਰੇਡ ਗੁਰਦਿਆਲ ਢਾਬਾਂ ਅਤੇ ਕਾਮਰੇਡ ਕੁਲਦੀਪ ਬਖੂਸ਼ਾਹ ਸਮੇਤ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਬੇਗ ਝੰਗੜ ਭੈਣੀ ਨੇ ਦੋਸ਼ ਲਾਇਆ ਕਿ ਥਾਣਾ ਸਦਰ ਫ਼ਾਜ਼ਿਲਕਾ ਦੀ ਪੁਲਿਸ ਨੇ ਕਰੀਬ ਇੱਕ ਸਾਲ ਪਹਿਲਾਂ 5-6 ਝੂਠੇ ਮੁਕੱਦਮੇ ਦਰਜ ਕੀਤੇ ਸਨ ਅਤੇ ਹੁਣ ਵੀ ਲਗਾਤਾਰ ਝੂਠੇ ਮਾਮਲੇ ਦਰਜ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਸੀ.ਪੀ.ਆਈ. ਵਲੋਂ ਲਗਾਤਾਰ ਐੱਸ.ਐੱਸ.ਪੀ ਫ਼ਾਜ਼ਿਲਕਾ ਨਾਲ ਮੀਟਿੰਗਾਂ ਕਰਕੇ ਇਨ੍ਹਾਂ ਝੂਠੇ ਮੁਕੱਦਮਿਆਂ ਦਾ ਮੁੱਦਾ ਉਠਾਇਆ ਜਾਂਦਾ ਰਿਹਾ ਹੈ | ਐੱਸ.ਐੱਸ.ਪੀ.ਮੌਕੇ 'ਤੇ ਥਾਣਾ ਮੁਖੀਆਂ ਨੂੰ ਮਾਮਲੇ ਹੱਲ ਕਰਨ ਦੇ ਹੁਕਮ ਦਿੰਦੇ ਹਨ ਪਰ ਥਾਣਾ ਮੁਖੀ ਉਨ੍ਹਾਂ ਦੀ ਇਕ ਨਹੀਂ ਸੁਣਦੇ | ਝੰਗੜ ਭੈਣੀ ਨੇ ਕਿਹਾ ਕਿ ਜੇਕਰ ਐੱਸ.ਐੱਚ.ਓ. ਜ਼ਿਲ੍ਹਾ ਪੁਲਿਸ ਮੁਖੀ ਦੀ ਗੱਲ ਨਹੀਂ ਸੁਣਦੇ ਤਾਂ ਅਜਿਹੇ ਅਧਿਕਾਰੀਆਂ ਨੂੰ ਜ਼ਿਲ੍ਹੇ ਵਿਚ ਰਹਿਣ ਦਾ ਕੋਈ ਹੱਕ ਨਹੀਂ | ਉਨ੍ਹਾਂ ਚੇਤਾਵਨੀ ਦਿੱਤੀ ਕਿ ਅੱਜ ਸਿਰਫ਼ ਐੱਸ.ਐੱਚ.ਓ.ਦਾ ਪੁਤਲਾ ਫੂਕਿਆ ਗਿਆ ਹੈ, ਜੇਕਰ ਆਉਣ ਵਾਲੀ 17 ਤਾਰੀਖ਼ ਸ਼ੁੱਕਰਵਾਰ ਤੱਕ ਸਾਰੇ ਜਾਇਜ਼ ਮਸਲੇ ਹੱਲ ਨਾ ਕੀਤੇ ਗਏ ਤਾਂ ਅਗਲਾ ਪ੍ਰਦਰਸ਼ਨ ਜ਼ਿਲ੍ਹਾ ਪੁਲਿਸ ਮੁਖੀ ਦਾ ਪੁਤਲਾ ਫ਼ੂਕ ਕੇ ਕੀਤਾ ਜਾਵੇਗਾ |