ਫ਼ਾਜ਼ਿਲਕਾ, 16 ਅਪ੍ਰੈਲ (ਅਮਰਜੀਤ ਸ਼ਰਮਾ)-ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿਚ ਫ਼ਾਜ਼ਿਲਕਾ ਦੇ ਹੋਣਹਾਰ ਵਿਦਿਆਰਥੀ ਵੈਭਵ ਅਰੋੜਾ ਨੇ 100 ਫ਼ੀਸਦੀ ਅੰਕ ਪ੍ਰਾਪਤ ਕਰਕੇ ਮਿਸਾਲੀ ਕਾਮਯਾਬੀ ਹਾਸਲ ਕੀਤੀ ਹੈ | ਵੈਭਵ ਇਸ ਸਾਲ ਦੇ ਦੇਸ਼ ਭਰ ਦੇ ਚੋਟੀ ਦੇ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦੀ ਸੂਚੀ ਵਿਚ ਸ਼ਾਮਲ ਹੋ ਗਿਆ ਹੈ, ਜਿਸ ਨਾਲ ਪੂਰੇ ਜ਼ਿਲ੍ਹੇ ਦਾ ਮਾਣ ਵਧਿਆ ਹੈ | ਹੋਲੀ ਹਾਰਟ ਡੇ ਬੋਰਡਿੰਗ ਪਬਲਿਕ ਸਕੂਲ ਦੇ ਵਿਦਿਆਰਥੀ ਵੈਭਵ ਦੀ ਇਸ ਬੇਮਿਸਾਲ ਪ੍ਰਾਪਤੀ ਪਿੱਛੇ ਉਸ ਦੀ ਨਿਰੰਤਰ ਮਿਹਨਤ, ਅਨੁਸ਼ਾਸਿਤ ਦਿਨਚਰਿਆ ਅਤੇ ਵਿਸ਼ਿਆਂ ਦੀ ਡੂੰਘੀ ਸਮਝ ਨੂੰ ਅਹਿਮ ਮੰਨਿਆ ਜਾ ਰਿਹਾ ਹੈ | ਵੈਭਵ ਨੇ ਆਪਣੀ ਬੋਰਡ ਪ੍ਰੀਖਿਆ ਦੀ ਤਿਆਰੀ ਲਈ 'ਫਿਜ਼ਿਕਸ ਵਾਲਾ' ਦੀ ਕੋਚਿੰਗ ਦਾ ਸਹਾਰਾ ਲਿਆ, ਜਿੱਥੋਂ ਉਸ ਨੂੰ ਵਿਸ਼ਿਆਂ ਦੀ ਬਾਰੀਕੀ ਅਤੇ ਨਿਯਮਤ ਮਾਰਗਦਰਸ਼ਨ ਪ੍ਰਾਪਤ ਹੋਇਆ | ਵੈਭਵ ਨੇ ਆਪਣੀ ਇਸ ਸ਼ਾਨਦਾਰ ਸਫਲਤਾ ਦਾ ਸਿਹਰਾ ਆਪਣੇ ਮਾਪਿਆਂ, ਸਕੂਲ ਅਧਿਆਪਕਾਂ ਅਤੇ 'ਪੀ.ਡਬਲ ਯੂ.' ਦੇ ਮੈਂਬਰਾਂ ਨੂੰ ਦਿੱਤਾ ਹੈ | ਉਸ ਨੇ ਦੱਸਿਆ ਕਿ ਤਿਆਰੀ ਦੇ ਦੌਰਾਨ ਕਈ ਚੁਨੌਤੀਆਂ ਵੀ ਆਈਆਂ, ਪਰ ਪਰਿਵਾਰ ਦੇ ਸਹਿਯੋਗ ਅਤੇ ਸਹੀ ਦਿਸ਼ਾ-ਨਿਰਦੇਸ਼ਾਂ ਨੇ ਉਸ ਨੂੰ ਲਗਾਤਾਰ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ | ਜ਼ਿਕਰਯੋਗ ਹੈ ਕਿ ਇਸ ਸਾਲ ਸੀ.ਬੀ.ਐੱਸ.ਈ. ਦਸਵੀਂ ਦਾ ਕੁੱਲ ਪਾਸ ਫ਼ੀਸਦੀ 93.70 ਫ਼ੀਸਦੀ ਰਿਹਾ ਹੈ, ਜੋ ਕਿ ਪਿਛਲੇ ਸਾਲ ਨਾਲੋਂ ਬਿਹਤਰ ਹੈ | ਇਹ ਪ੍ਰੀਖਿਆਵਾਂ 17 ਫਰਵਰੀ ਤੋਂ 11 ਮਾਰਚ ਦਰਮਿਆਨ ਹੋਈਆਂ ਸਨ | ਵੈਭਵ ਦੀ ਇਹ ਸਫਲਤਾ ਸਾਬਤ ਕਰਦੀ ਹੈ ਕਿ ਜੇਕਰ ਨਿਰੰਤਰ ਯਤਨ ਅਤੇ ਗੁਣਵੱਤਾ ਭਰਪੂਰ ਕੋਚਿੰਗ ਮਿਲੇ ਤਾਂ ਵੱਡੇ ਟੀਚੇ ਹਾਸਲ ਕੀਤੇ ਜਾ ਸਕਦੇ ਹਨ |