ਫ਼ਾਜ਼ਿਲਕਾ, 16 ਅਪ੍ਰੈਲ (ਦਵਿੰਦਰ ਪਾਲ ਸਿੰਘ)-ਬੱਚਿਆਂ ਦੇ ਟੀਕਾਕਰਨ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਟੀਕਾਕਰਨ ਤੋਂ ਬਾਅਦ ਹੋਣ ਵਾਲੇ ਪ੍ਰਭਾਵਾਂ ਦੀ ਨਿਗਰਾਨੀ ਲਈ ਸਿਵਲ ਸਰਜਨ ਡਾ.ਕਵਿਤਾ ਸਿੰਘ ਦੀ ਪ੍ਰਧਾਨਗੀ ਹੇਠ ਇਕ ਵਿਸ਼ੇਸ਼ ਸਮੀਖਿਆ ਬੈਠਕ ਕੀਤੀ ਗਈ | ਇਸ ਮੌਕੇ 'ਏ.ਈ.ਐਫ.ਆਈ.' ਸਬੰਧੀ ਗੰਭੀਰਤਾ ਨਾਲ ਚਰਚਾ ਕੀਤੀ ਗਈ | ਬੈਠਕ ਦੌਰਾਨ ਡਾ.ਕਵਿਤਾ ਸਿੰਘ ਨੇ ਕਿਹਾ ਕਿ ਟੀਕਾਕਰਨ ਪ੍ਰੋਗਰਾਮਾਂ ਵਿਚ ਸੁਰੱਖਿਆ ਦੀ ਨਿਗਰਾਨੀ ਅਤੇ ਸੰਭਾਵੀ ਖ਼ਤਰਿਆਂ ਦੀ ਪਛਾਣ ਕਰਨ ਲਈ ਏ.ਈ.ਐਫ.ਆਈ. ਇਕ ਅਹਿਮ ਪ੍ਰਕਿਰਿਆ ਹੈ | ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ.ਰਿੰਕੂ ਚਾਵਲਾ ਨੇ ਦੱਸਿਆ ਕਿ ਟੀਕਾ ਲੱਗਣ ਵਾਲੀ ਥਾਂ 'ਤੇ ਦਰਦ, ਲਾਲੀ, ਉਲਟੀ ਜਾਂ ਸੋਜ ਹੋਣਾ ਆਮ ਗੱਲ ਹੈ | ਉਨ੍ਹਾਂ ਕਿਹਾ ਕਿ ਲੋਕਾਂ ਵਿਚ ਅਕਸਰ ਇਹ ਧਾਰਨਾ ਬਣ ਜਾਂਦੀ ਹੈ ਕਿ ਇਹ ਸਭ ਟੀਕਾਕਰਨ ਕਾਰਨ ਹੋਇਆ ਹੈ, ਜਦਕਿ ਇਸ ਦੇ ਹੋਰ ਵੀ ਕਈ ਕਾਰਨ ਹੋ ਸਕਦੇ ਹਨ | ਇਨ੍ਹਾਂ ਲੱਛਣਾਂ ਦੀ ਰਿਪੋਰਟਿੰਗ ਅਤੇ ਜਾਂਚ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਲੋਕਾਂ ਦਾ ਵਿਸ਼ਵਾਸ ਬਣਿਆ ਰਹੇ | ਬੈਠਕ ਵਿਚ ਜ਼ਿਲ੍ਹਾ ਐਪੀਡਿਮੋਲੋਜਿਸਟ ਡਾ. ਸੁਨੀਤਾ ਕੰਬੋਜ, ਬਾਲ ਰੋਗ ਮਾਹਿਰ ਡਾ. ਮਨੀ ਗਰਗ, ਡਾ.ਰਾਜਵੀਰ, ਡਾ. ਲਵਪ੍ਰੀਤ ਸਿੰਘ, ਮਾਈਕ੍ਰੋਬਾਇਓਲੋਜਿਸਟ ਪਿ੍ੰਸ ਪੁਰੀ, ਫਾਰਮੇਸੀ ਅਫ਼ਸਰ ਮਦਨ ਕੁਮਾਰ ਅਤੇ ਕੰਪਿਊਟਰ ਸਹਾਇਕ ਸ਼ਵੇਤਾ ਨਾਗਪਾਲ ਸਮੇਤ ਹੋਰ ਸਟਾਫ਼ ਹਾਜ਼ਰ ਸੀ |