ਫ਼ਾਜ਼ਿਲਕਾ, 16 ਅਪ੍ਰੈਲ (ਦਵਿੰਦਰ ਪਾਲ ਸਿੰਘ)-ਕਲਗ਼ੀਧਰ ਟਰੱਸਟ ਬੜੂ ਸਾਹਿਬ ਅਧੀਨ ਚੱਲ ਰਹੀ ਨਾਮਵਰ ਵਿੱਦਿਅਕ ਸੰਸਥਾ ਅਕਾਲ ਅਕੈਡਮੀ ਖੂਈਆਂ ਸਰਵਰ ਦਾ ਸੀ.ਬੀ.ਐੱਸ.ਈ.ਦਸਵੀਂ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਾਨਦਾਰ ਰਿਹਾ ਹੈ | ਅਕੈਡਮੀ ਨੇ ਆਪਣੀ ਉੱਚ ਗੁਣਵੱਤਾ ਨੂੰ ਬਰਕਰਾਰ ਰੱਖਦਿਆਂ ਸੌ ਫ਼ੀਸਦੀ ਨਤੀਜਾ ਹਾਸਲ ਕੀਤਾ ਹੈ, ਜਿਸ ਨਾਲ ਇਲਾਕੇ ਵਿਚ ਖ਼ੁਸ਼ੀ ਦੀ ਲਹਿਰ ਹੈ | ਪ੍ਰੀਖਿਆ ਨਤੀਜਿਆਂ ਵਿਚ ਅਕੈਡਮੀ ਦੀ ਵਿਦਿਆਰਥਣ ਪ੍ਰਤਿਭਾ ਕੌਰ ਨੇ 98.8 ਪ੍ਰਤੀਸ਼ਤ ਅੰਕ ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ | ਇਸੇ ਤਰ੍ਹਾਂ ਦੀਪਿਕਾ ਕੌਰ ਨੇ 94.60 ਪ੍ਰਤੀਸ਼ਤ ਅੰਕਾਂ ਨਾਲ ਦੂਜਾ ਅਤੇ ਏਕਮਨੂਰ ਸਿੰਘ ਨੇ 93.80 ਪ੍ਰਤੀਸ਼ਤ ਅੰਕਾਂ ਨਾਲ ਤੀਜਾ ਸਥਾਨ ਹਾਸਲ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ | 90 ਫ਼ੀਸਦੀ ਤੋਂ ਵੱਧ ਅੰਕ ਹਾਸਲ ਕਰਨ ਵਾਲੇ ਹੋਰਨਾਂ ਵਿਦਿਆਰਥੀਆਂ ਵਿਚ ਅਰਸ਼ਦੀਪ ਕੌਰ ਖੁਸ਼ਦੀਪ ਕੌਰ, ਸਿਮਰਨ ਕੌਰ ਅਤੇ ਗੁਰਲੀਨ ਕੌਰ ਸ਼ਾਮਲ ਹਨ | ਇਨ੍ਹਾਂ ਵਿਦਿਆਰਥੀਆਂ ਦੀ ਸ਼ਾਨਦਾਰ ਕਾਰਗੁਜ਼ਾਰੀ ਨੇ ਸਾਬਤ ਕਰ ਦਿੱਤਾ ਹੈ ਕਿ ਅਕੈਡਮੀ ਵਿਚ ਪੜ੍ਹਾਈ ਦੇ ਨਾਲ-ਨਾਲ ਨੈਤਿਕ ਕਦਰਾਂ-ਕੀਮਤਾਂ 'ਤੇ ਵੀ ਵਿਸ਼ੇਸ਼ ਜ਼ੋਰ ਦਿੱਤਾ ਜਾਂਦਾ ਹੈ | ਅਕੈਡਮੀ ਦੇ ਪਿ੍ੰਸੀਪਲ ਅੰਮਿ੍ਤਾਪਾਲ ਕੌਰ ਨੇ ਨਤੀਜਿਆਂ ਦਾ ਐਲਾਨ ਕਰਦਿਆਂ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ | ਉਨ੍ਹਾਂ ਕਿਹਾ ਕਿ ਇਹ ਸਫਲਤਾ ਵਿਦਿਆਰਥੀਆਂ ਦੀ ਸਖ਼ਤ ਲਗਨ ਅਤੇ ਅਧਿਆਪਕਾਂ ਦੀ ਅਣਥੱਕ ਮਿਹਨਤ ਦਾ ਸਿੱਟਾ ਹੈ | ਉਨ੍ਹਾਂ ਅੱਗੇ ਕਿਹਾ ਕਿ ਅਕਾਲ ਅਕੈਡਮੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਗਿਆਨ ਦੇ ਨਾਲ-ਨਾਲ ਅਧਿਆਤਮਿਕ ਅਤੇ ਨੈਤਿਕਤਾ ਦੇ ਗੁਣਾਂ ਨਾਲ ਸੰਪੰਨ ਕਰਨਾ ਹੈ ਤਾਂ ਜੋ ਉਹ ਸਮਾਜ ਦੇ ਚੰਗੇ ਨਾਗਰਿਕ ਬਣ ਸਕਣ | ਵਿਦਿਆਰਥੀਆਂ ਦੀ ਇਸ ਵੱਡੀ ਉਪਲਬਧੀ 'ਤੇ ਮਾਪਿਆਂ ਨੇ ਵੀ ਸਕੂਲ ਪ੍ਰਬੰਧਨ ਅਤੇ ਕਲਗ਼ੀਧਰ ਟਰੱਸਟ ਦਾ ਤਹਿ ਦਿਲੋਂ ਧੰਨਵਾਦ ਕੀਤਾ |