ਫ਼ਾਜ਼ਿਲਕਾ, 16 ਅਪ੍ਰੈਲ (ਦਵਿੰਦਰ ਪਾਲ ਸਿੰਘ)-ਕਲਗ਼ੀਧਰ ਟਰੱਸਟ ਬੜੂ ਸਾਹਿਬ ਦੁਆਰਾ ਸੰਚਾਲਿਤ ਅਕਾਲ ਅਕੈਡਮੀ ਥੇਹ ਕਲੰਦਰ ਵਿੱਚ ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦਾ ਤਿਉਹਾਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਹ ਪ੍ਰੋਗਰਾਮ ਅਕਾਲ ਅਕੈਡਮੀ ਦੇ ਪਿ੍ੰਸੀਪਲ ਗੁਰਜੀਤ ਕੌਰ ਸਿੱਧੂ ਦੀ ਅਗਵਾਈ ਹੇਠ ਗੁਰਮਤਿ ਵਿਭਾਗ ਦੇ ਇੰਚਾਰਜ ਤਲਵਿੰਦਰ ਕੌਰ, ਅਬਿਨਵ ਅਤੇ ਸੁਨੈਨਾ ਵਲੋਂ ਕਰਵਾਇਆ ਗਿਆ | ਇਸ ਮੌਕੇ 'ਤੇ ਸਕੂਲ ਦਾ ਮਾਹੌਲ ਅਧਿਆਤਮਿਕ ਰੰਗ ਵਿਚ ਰੰਗਿਆ ਹੋਇਆ ਨਜ਼ਰ ਆਇਆ | ਸਭ ਤੋਂ ਪਹਿਲਾਂ ਸ੍ਰੀ ਜਪੁਜੀ ਸਾਹਿਬ ਜੀ, ਚੌਪਈ ਸਾਹਿਬ ਜੀ ਦਾ ਪਾਠ ਕੀਤਾ ਗਿਆ | ਜਿਸ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਭਾਵਨਾ ਭਰਪੂਰ ਹਾਜ਼ਰੀ ਭਰੀ | ਪਾਠ ਦੇ ਦੌਰਾਨ ਸਾਰੇ ਕੈਂਪਸ ਵਿਚ ਸ਼ਾਂਤੀ ਅਤੇ ਸਹਿਜਤਾ ਦਾ ਅਨੁਭਵ ਹੋ ਰਿਹਾ ਸੀ | ਇਸ ਤੋਂ ਬਾਅਦ ਵਿਦਿਆਰਥੀਆਂ ਵਲੋਂ ਸ਼ਬਦ ਕੀਰਤਨ ਕੀਤਾ ਗਿਆ | ਇਸ ਉਪਰੰਤ ਅਕਾਲ ਅਕੈਡਮੀ ਦੇ ਪਿ੍ੰਸੀਪਲ ਵਲੋਂ ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੀ ਮਹੱਤਤਾ ਬਾਰੇ ਭਾਵਪੂਰਨ ਭਾਸ਼ਣ ਦਿੱਤਾ ਗਿਆ | ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿਚ ਖ਼ਾਲਸਾ ਪੰਥ ਦੀ ਸਥਾਪਨਾ ਕਰਕੇ ਸਿੱਖ ਕੌਮ ਨੂੰ ਨਵੀਂ ਪਹਿਚਾਣ ਬਖ਼ਸ਼ੀ | ਉਹਨਾਂ ਨੇ ਸਭ ਨੂੰ ਗੁਰੂ ਸਾਹਿਬਾਨਾਂ ਦੇ ਉਪਦੇਸ਼ਾਂ 'ਤੇ ਚੱਲਣ ਲਈ ਪ੍ਰੇਰਿਤ ਕੀਤਾ | ਇਸ ਉਪਰੰਤ ਬੱਚਿਆਂ ਦੇ ਪੇਂਟਿੰਗ, ਸਲੋਗਨ ਰਾਈਟਿੰਗ, ਸੁੰਦਰ ਲਿਖਾਈ, ਕੁਕਿੰਗ ਵਿਦਾਊਟ ਫਾਇਰ ਅਤੇ ਸੋਹਣੀਆਂ ਪਗਾਂ ਸਜਾਓ ਮੁਕਾਬਲੇ ਆਦਿ ਕਰਵਾਏ ਗਏ |