ਅਬੋਹਰ, 16 ਅਪ੍ਰੈਲ (ਵਿਵੇਕ ਹੂੜੀਆ)-ਹਨੂਮਾਨਗੜ੍ਹ ਰੋਡ ਸਥਿਤ ਮਹਾਂਰਿਸ਼ੀ ਦਯਾਨੰਦ ਕਾਲਜ ਆਫ਼ ਐਜੂਕੇਸ਼ਨ ਵਿਖੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਾਜ਼ਿਲਕਾ ਵਲੋਂ ਇਕ ਵਿਸ਼ੇਸ਼ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਇਹ ਪ੍ਰੋਗਰਾਮ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਿਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਉਲੀਕਿਆ ਗਿਆ ਸੀ, ਜਿਸ ਦਾ ਮੁੱਖ ਮਕਸਦ ਸਮਾਜ ਵਿਚ ਫੈਲੀ ਦਾਜ ਦੀ ਲਾਹਨਤ ਅਤੇ ਲਿੰਗ ਅਸਮਾਨਤਾ ਪ੍ਰਤੀ ਨੌਜਵਾਨ ਪੀੜ੍ਹੀ ਨੂੰ ਸੁਚੇਤ ਕਰਨਾ ਸੀ | ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਵਲੋਂ ਇਕ ਜਾਗਰੂਕਤਾ ਨਾਟਕ ਪੇਸ਼ ਕੀਤਾ ਗਿਆ, ਜਿਸ ਦਾ ਵਿਸ਼ਾ ਦਾਜ ਦੇ ਕਾਨੂੰਨੀ ਨਤੀਜੇ ਅਤੇ ਵਿਆਹ ਵਿਚ ਲਿੰਗ ਸਮਾਨਤਾ ਰਿਹਾ | ਇਹ ਨਾਟਕ ਮਾਨਯੋਗ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ, ਖ਼ਾਸ ਕਰਕੇ 'ਸਟੇਟ ਆਫ਼ ਯੂ.ਪੀ. ਬਨਾਮ ਅਕਾਲ ਬੈਗ' ਕੇਸ ਦੇ ਸੰਦਰਭ ਵਿਚ ਪੇਸ਼ ਕੀਤਾ ਗਿਆ, ਤਾਂ ਜੋ ਵਿਦਿਆਰਥੀ ਕਾਨੂੰਨੀ ਪੇਚੀਦਗੀਆਂ ਨੂੰ ਆਸਾਨੀ ਨਾਲ ਸਮਝ ਸਕਣ | ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਦਾਜ ਪ੍ਰਥਾ ਇੱਕ ਅਜਿਹੀ ਗੰਭੀਰ ਸਮਾਜਿਕ ਬੁਰਾਈ ਹੈ ਜੋ ਨਾ ਸਿਰਫ਼ ਅÏਰਤਾਂ ਦੇ ਅਧਿਕਾਰਾਂ ਦਾ ਘਾਣ ਕਰਦੀ ਹੈ, ਸਗੋਂ ਸਮਾਜ ਵਿਚ ਅਸਮਾਨਤਾ ਨੂੰ ਵੀ ਵਧਾਉਂਦੀ ਹੈ | ਉਨ੍ਹਾਂ ਜ਼ੋਰ ਦਿੱਤਾ ਕਿ ਅਜਿਹੇ ਪ੍ਰੋਗਰਾਮਾਂ ਰਾਹੀਂ ਹੀ ਵਿਦਿਆਰਥੀਆਂ ਨੂੰ ਸਿੱਖਿਅਤ ਕਰਕੇ ਸਮਾਜ ਵਿਚੋਂ ਇਨ੍ਹਾਂ ਬੁਰਾਈਆਂ ਦਾ ਜੜ੍ਹੋਂ ਸਫ਼ਾਇਆ ਕੀਤਾ ਜਾ ਸਕਦਾ ਹੈ | ਪ੍ਰੋਗਰਾਮ ਦੇ ਅਖੀਰ ਵਿਚ ਸਮੂਹ ਹਾਜ਼ਰੀਨ ਨੇ ਸਮਾਜ ਵਿਚ ਸਕਾਰਾਤਮਿਕ ਬਦਲਾਅ ਲਿਆਉਣ ਅਤੇ ਦਾਜ ਪ੍ਰਥਾ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਦਾ ਅਹਿਦ ਲਿਆ |