ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ 96 ਲੱਖ ਦੇ ਵਿਕਾਸ ਕਾਰਜਾਂ ਦੇ ਕੀਤੇ ਉਦਘਾਟਨ <br/>
ਅਜੀਤ ਡੈਸਕ
17-04-2026
ਫ਼ਾਜ਼ਿਲਕਾ, 16 ਅਪ੍ਰੈਲ(ਦਵਿੰਦਰ ਪਾਲ ਸਿੰਘ)-ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਬਦਲਦਾ ਪੰਜਾਬ ਮੁਹਿੰਮ ਤਹਿਤ ਲਗਾਤਾਰ ਸਰਕਾਰੀ ਸਕੂਲਾਂ ਨੂੰ ਬੁਨਿਆਦੀ ਸਹੂਲਤਾਂ ਦੇ ਕੇ ਸਕੂਲਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ, ਤਾਂ ਜੋ ਵਿਦਿਆਰਥੀਆਂ ਨੂੰ ਉੱਚ ਦਰਜੇ ਦੀ ਸਿੱਖਿਆ ਮੁਹੱਈਆ ਕਰਵਾਈ ਜਾ ਸਕੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਫ਼ਾਜ਼ਿਲਕਾ ਨਰਿੰਦਰ ਪਾਲ ਸਿੰਘ ਸਵਨਾ ਨੇ ਅੱਜ ਫ਼ਾਜ਼ਿਲਕਾ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਸਕੂਲਾਂ ਦੇ ਬੁਨਿਆਦੀ ਢਾਂਚੇ ਦੇ ਨਿਰਮਾਣ ਉਪਰੰਤ ਉਦਘਾਟਨ ਕਰਨ ਮੌਕੇ ਕੀਤਾ | ਇਸ ਮੌਕੇ ਸਰਕਾਰੀ ਹਾਈ ਸਕੂਲ ਪਿੰਡ ਝੋਕ ਡਿਪੂਲਾਣਾ ਵਿਚ 53.09 ਲੱਖ ਦੀ ਲਾਗਤ ਨਾਲ ਚਾਰ ਦੀਵਾਰੀ, ਇੰਟਰੈਕਟਿਵ ਟੀਵੀ ਪੈਨਲ, ਨਵੇਂ ਬਾਥਰੂਮ ਅਤੇ 3 ਨਵੇਂ ਕਮਰਿਆਂ ਦਾ ਅਤੇ ਪਿੰਡ ਝੋਕ ਡਿਪੂਲਾਣਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ 19.52 ਲੱਖ ਦੀ ਲਾਗਤ ਨਾਲ ਚਾਰ ਦੀਵਾਰੀ, ਇੰਟਰੈਕਟਿਵ ਟੀਵੀ ਪੈਨਲ ਅਤੇ ਨਵੇਂ ਕਮਰੇ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਆਹਲ ਬੋਦਲਾ ਵਿਚ ਲਗਭਗ 23.77 ਲੱਖ ਦੀ ਲਾਗਤ ਨਾਲ ਇੰਟਰੈਕਟਿਵ ਟੀਵੀ ਪੈਨਲ, ਐਲ.ਈ.ਡੀ ਆਦਿ ਕੰਮਾਂ ਦਾ ਉਦਘਾਟਨ ਕੀਤਾ | ਸੰਬੋਧਨ ਵਿਚ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਅੱਜ ਪੰਜਾਬ ਦਾ ਕੋਈ ਵੀ ਅਜਿਹਾ ਸਰਕਾਰੀ ਸਕੂਲ ਨਹੀਂ ਹੈ, ਜਿੱਥੇ ਬੱਚਿਆਂ ਦੇ ਬੈਠਣ ਲਈ ਬੈਂਚ ਨਾ ਹੋਣ, ਸਗੋਂ ਪਹਿਲੀ ਵਾਰ ਸਕੂਲੀ ਵੈਨਾਂ ਦੀ ਸਹੂਲਤ ਵੀ ਦਿੱਤੀ ਗਈ ਅਤੇ ਸਕੂਲ ਆਧੁਨਿਕ ਬਲੈਕ ਬੋਰਡ, ਕੰਪਿਊਟਰ ਲੈਬ, ਆਧੁਨਿਕ ਸਾਇੰਸ ਲੈਬ, ਪਾਰਕ, ਚਾਰਦੀਵਾਰੀ, ਪੀਣ ਵਾਲਾ ਸਾਫ ਪਾਣੀ, ਖੇਡ ਮੈਦਾਨ ਆਦਿ ਰਾਹੀਂ ਸੁਸੱਜਿਤ ਕੀਤੇ ਗਏ ਹਨ | ਇਸ ਦੌਰਾਨ ਉਨ੍ਹਾਂ ਦੇ ਧਰਮਪਤਨੀ ਖ਼ੁਸ਼ਬੂ ਸਾਵਨਸੁੱਖਾ ਸਵਨਾ ਨੇ ਵੀ ਸੰਬੋਧਨ ਕੀਤਾ ਅਤੇ ਵਿਦਿਆਰਥੀਆਂ ਖਾਸ ਕਰਕੇ ਕੁੜੀਆਂ ਨੂੰ ਵੱਧ ਤੋਂ ਵੱਧ ਪੜਾਈ ਕਰਨ ਲਈ ਪ੍ਰੇਰਿਤ ਕੀਤਾ | ਇਸ ਦੌਰਾਨ ਉਨ੍ਹਾਂ ਦੇ ਵੱਖ-ਵੱਖ ਸਕੂਲਾਂ ਦੇ ਪਿ੍ੰਸੀਪਲ, ਟੀਚਰ ਅਤੇ ਬੱਚੇ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ |