ਮੰਡੀ ਰੋੜਾਂਵਾਲੀ, 16 ਅਪ੍ਰੈਲ (ਮਨਜੀਤ ਸਿੰਘ ਬਰਾੜ)-ਸਥਾਨਕ ਮੰਡੀ ਰੋੜਾਂਵਾਲੀ ਦੇ ਕੱਚਾ ਆੜ੍ਹਤੀ ਯੂਨੀਅਨ ਵਲੋਂ ਪਿਛਲੇ ਕਈ ਸਾਲਾਂ ਤੋਂ ਚੱਲੀ ਆ ਰਹੀ ਪੁਰਾਣੀ ਯੂਨੀਅਨ ਨੂੰ ਭੰਗ ਕਰਕੇ ਨਵੀਂ ਚੋਣ ਕੀਤੀ ਗਈ | ਨਵੀਂ ਚੋਣ ਵਿਚ ਸਰਬਸੰਮਤੀ ਨਾਲ ਤੇਗਬੀਰ ਸਿੰਘ ਸਿਵੀਆ ਨੂੰ ਪ੍ਰਧਾਨ ਅਤੇ ਪ੍ਰਮੋਦ ਕੁਮਾਰ ਬੌਬੀ ਮਹਾਸ਼ਾ ਨੂੰ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ | ਗੱਲਬਾਤ ਕਰਦਿਆਂ ਪ੍ਰਧਾਨ ਤੇਗਬੀਰ ਸਿੰਘ ਸਿਵੀਆ ਨੇ ਦੱਸਿਆ ਕਿ ਮੰਡੀ ਚੱਲਦੇ ਸਮੇਂ ਆੜ੍ਹਤੀਆਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਹਨ, ਜਿਸ ਨੂੰ ਮੁੱਖ ਰੱਖਦਿਆਂ ਸਮੂਹ ਆੜ੍ਹਤੀਆਂ ਵਲੋਂ ਮਿਲ ਕੇ ਯੂਨੀਅਨ ਬਣਾਈ ਗਈ ਹੈ | ਕੁੱਝ ਸਾਲਾਂ ਤੋਂ ਇਸ ਦੀ ਚੋਣ ਨਹੀਂ ਹੋ ਸਕੀ ਸੀ, ਅੱਜ ਮੰਡੀ ਦੇ ਸਮੂਹ ਆੜ੍ਹਤੀਆਂ ਵਲੋਂ ਮਿਲ ਕੇ ਸਰਬਸੰਮਤੀ ਨਾਲ ਉਨ੍ਹਾਂ ਨੂੰ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਉਹ ਇਸ ਬਦਲੇ ਸਥਾਨਕ ਸਮੂਹ ਆੜ੍ਹਤੀਆਂ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਇਸ ਕਾਬਿਲ ਸਮਝਿਆ ਹੈ | ਉਹ ਸਮੂਹ ਆੜ੍ਹਤੀਆਂ ਨੂੰ ਵਿਸ਼ਵਾਸ ਦੁਆਉਂਦੇ ਹਨ ਕਿ ਉਹ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਸਮੂਹ ਆੜ੍ਹਤੀਆਂ ਨਾਲ ਮੋਢੇ ਨਾਲ ਮੋਢਾ ਲਗਾ ਕੇ ਖੜਨਗੇ | ਇਸ ਮੌਕੇ ਆੜ੍ਹਤੀ ਭਾਰਤ ਭੂਸ਼ਨ ਲੂਣਾ, ਭੂਸ਼ਨ ਰਾਜਦੇਵ, ਸੰਜੀਵ ਕੁਮਾਰ ਪਾਹਵਾ, ਅਮਿੱਤ ਕੁਮਾਰ ਪਾਹਵਾ, ਅਵਤਾਰ ਸਿੰਘ, ਸੁਭਾਸ਼ ਚੰਦਰ, ਨਰਵੈਨ ਕੁਮਾਰ, ਰਾਜਦੀਪ ਸਿੰਘ, ਕਰਤਾਰ ਸਿੰਘ ਆਦਿ ਆੜ੍ਹਤੀ ਮੌਜੂਦ ਸਨ |