ੋਅਬੋਹਰ, 20 ਅਪ੍ਰੈਲ (ਵਿਵੇਕ ਹੂੜੀਆ)-ਅਬੋਹਰ ਦੇ ਅਜੀਮਗੜ੍ਹ ਇਲਾਕੇ ਵਿਚ ਬੀਤੀ ਦੇਰ ਰਾਤ ਅਣਪਛਾਤੇ ਚੋਰਾਂ ਵਲੋਂ ਇਕ ਸੁਨਿਆਰੇ ਦੀ ਦੁਕਾਨ ਵਿਚ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੈਂਟਰ ਲੌਕ ਨਾ ਟੁੱਟਣ ਕਾਰਨ ਚੋਰ ਆਪਣੀ ਕੋਸ਼ਿਸ਼ ਵਿਚ ਨਾਕਾਮ ਰਹੇ | ਇਸ ਕਾਰਨ ਦੁਕਾਨਦਾਰ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਣੋਂ ਬਚ ਗਿਆ | 'ਗਣਪਤੀ ਜਵੈਲਰਜ਼' ਦੇ ਸੰਚਾਲਕ ਰਾਕੇਸ਼ ਸੋਨੀ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 6 ਵਜੇ ਗੁਆਂਢੀਆਂ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਦੁਕਾਨ ਦੇ ਸਾਈਡ ਵਾਲੇ ਸ਼ਟਰ ਦੇ ਤਾਲੇ ਟੁੱਟੇ ਹੋਏ ਹਨ | ਮੌਕੇ 'ਤੇ ਪਹੁੰਚ ਕੇ ਦੇਖਿਆ ਕਿ ਚੋਰਾਂ ਨੇ ਸਾਈਡ ਦੀ ਗਲੀ ਵਾਲਾ ਸ਼ਟਰ ਤੋੜਨ ਦੀ ਕੋਸ਼ਿਸ਼ ਕੀਤੀ ਸੀ ਪਰ ਦੁਕਾਨ ਦੇ ਅੰਦਰ ਸ਼ਟਰ ਦੇ ਨਾਲ ਬਣਾਈ ਗਈ ਉੱਚੀ ਦੀਵਾਰ ਕਾਰਨ ਉਹ ਸੈਂਟਰ ਲੋਕ ਨਹੀਂ ਤੋੜ ਸਕੇ | ਰਾਕੇਸ਼ ਸੋਨੀ ਅਨੁਸਾਰ ਇਸ ਤੋਂ ਪਹਿਲਾਂ ਵੀ ਉਨ੍ਹਾਂ ਦੀ ਦੁਕਾਨ 'ਤੇ ਦੋ ਵਾਰ ਚੋਰੀ ਦੀ ਕੋਸ਼ਿਸ਼ ਹੋ ਚੁੱਕੀ ਹੈ, ਜਿਸ ਕਾਰਨ ਉਨ੍ਹਾਂ ਨੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ | ਜਦੋਂ ਦੁਕਾਨ ਦੇ ਸੀ.ਸੀ.ਟੀ.ਵੀ ਕੈਮਰੇ ਚੈੱਕ ਕੀਤੇ ਗਏ ਤਾਂ ਪਤਾ ਲੱਗਾ ਕਿ ਰਾਤ ਕਰੀਬ ਸਵਾ 3 ਵਜੇ ਦੋ ਨਕਾਬਪੋਸ਼ ਨੌਜਵਾਨਾਂ ਨੇ ਕਰੀਬ ਅੱਧਾ ਘੰਟਾ ਸਬਲ ਨਾਲ ਸ਼ਟਰ ਤੋੜਨ ਦੀ ਕੋਸ਼ਿਸ਼ ਕੀਤੀ | ਘਟਨਾ ਦੀ ਸੂਚਨਾ ਸਿਟੀ ਟੂ ਦੀ ਪੁਲਿਸ ਨੂੰ ਦੇ ਦਿੱਤੀ ਗਈ ਹੈ | ਜ਼ਿਕਰਯੋਗ ਹੈ ਕਿ ਇਲਾਕਾ ਨਿਵਾਸੀਆਂ ਵਲੋਂ ਲਗਾਤਾਰ ਪੁਲਿਸ ਗਸ਼ਤ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ