ਫ਼ਾਜ਼ਿਲਕਾ, 20 ਅਪ੍ਰੈਲ (ਦਵਿੰਦਰ ਪਾਲ ਸਿੰਘ)-ਨਗਰ ਕੌਂਸਲ ਚੋਣਾਂ ਦੀ ਆਹਟ ਹੁੰਦਿਆਂ ਹੀ ਫ਼ਾਜ਼ਿਲਕਾ ਭਾਜਪਾ ਪੂਰੀ ਤਰ੍ਹਾਂ ਐਕਸ਼ਨ ਮੋਡ ਵਿਚ ਦਿਖਾਈ ਦੇ ਰਹੀ ਹੈ | ਪਾਰਟੀ ਦੇ ਸਾਰੇ ਸੀਨੀਅਰ ਆਗੂ ਅਤੇ ਵੱਖ-ਵੱਖ ਗੁੱਟ ਆਪਸੀ ਮਤਭੇਦ ਭੁਲਾ ਕੇ ਇਕੋ ਮੇਜ਼ 'ਤੇ ਇਕੱਠੇ ਹੋ ਕੇ ਚੋਣ ਰਣਨੀਤੀ ਬਣਾਉਂਦੇ ਨਜ਼ਰ ਆ ਰਹੇ ਹਨ | ਪਿਛਲੇ ਤਿੰਨ ਦਿਨਾਂ ਤੋਂ ਵੋਟਰ ਸੂਚੀਆਂ 'ਤੇ ਇਤਰਾਜ਼ ਲਗਾਉਣ ਲਈ ਭਾਜਪਾ ਜਿਸ ਇੱਕਜੁੱਟਤਾ ਨਾਲ ਕੰਮ ਕਰ ਰਹੀ ਹੈ, ਉਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ | ਰੰਜਮ ਕਾਮਰਾ ਦੇ ਦਫ਼ਤਰ ਵਿਖੇ ਹੋਈ ਮੀਟਿੰਗ ਵਿਚ ਸਾਬਕਾ ਨਗਰ ਕੌਂਸਲ ਪ੍ਰਧਾਨ ਰਾਕੇਸ਼ ਧੂੜੀਆ, ਅਸ਼ੋਕ ਜੈਰਥ, ਰਾਕੇਸ਼ ਸਹਿਗਲ, ਸੁਬੋਧ ਵਰਮਾ, ਰਮੇਸ਼ ਕਟਾਰੀਆ ਅਤੇ ਹੋਰ ਕਈ ਸੀਨੀਅਰ ਆਗੂਆਂ ਨੇ ਸ਼ਮੂਲੀਅਤ ਕੀਤੀ | ਪਾਰਟੀ ਨੇ ਹਰੇਕ ਸੀਨੀਅਰ ਆਗੂ ਨੂੰ ਤਿੰਨ-ਤਿੰਨ ਵਾਰਡਾਂ ਦਾ ਇੰਚਾਰਜ ਨਿਯੁਕਤ ਕੀਤਾ ਹੈ ਅਤੇ ਉਨ੍ਹਾਂ ਦੀ ਮਦਦ ਲਈ 20 ਵਕੀਲਾਂ ਦੀ ਟੀਮ ਤਿਆਰ ਕੀਤੀ ਗਈ ਹੈ | ਭਾਜਪਾ ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨੇ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ ਵੋਟਰ ਸੂਚੀਆਂ ਵਿਚ ਵੱਡੀ ਪੱਧਰ 'ਤੇ ਹੇਰਾਫੇਰੀ ਕੀਤੀ ਹੈ | ਰਾਕੇਸ਼ ਧੂੜੀਆ ਅਤੇ ਅਸ਼ੋਕ ਜੈਰਥ ਅਨੁਸਾਰ ਨਕਸ਼ਾ ਤਾਂ ਪੁਰਾਣੀ ਵਾਰਡਬੰਦੀ ਵਾਲਾ ਦਿਖਾਇਆ ਗਿਆ ਹੈ ਪਰ ਕਈ ਵਾਰਡਾਂ ਵਿਚ 200 ਤੋਂ 1000 ਤੱਕ ਵੋਟਾਂ ਕੱਟ ਦਿੱਤੀਆਂ ਗਈਆਂ ਹਨ ਜਾਂ ਦੂਜੇ ਵਾਰਡਾਂ ਵਿਚ ਤਬਦੀਲ ਕਰ ਦਿੱਤੀਆਂ ਗਈਆਂ ਹਨ | ਭਾਜਪਾ ਹੁਣ ਇਸ ਨੂੰ ਅਦਾਲਤ ਦੀ ਮਾਣਹਾਨੀ ਦਾ ਮਾਮਲਾ ਦੱਸਦਿਆਂ ਮੁੜ ਹਾਈਕੋਰਟ ਜਾਣ ਦੀ ਤਿਆਰੀ ਕਰ ਰਹੀ ਹੈ |