ਮੰਡੀ ਘੁਬਾਇਆ, 20 ਅਪ੍ਰੈਲ (ਅਮਨ ਬਵੇਜਾ)-ਮੰਡੀ ਘੁਬਾਇਆ ਨੇੜਲੇ ਪਿੰਡ ਭੰਬਾ ਵੱਟੂ ਅਤੇ ਹੋਰਨਾਂ ਪਿੰਡਾਂ ਦੇ ਲੋਕਾਂ ਨੇ 24 ਘੰਟੇ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਵੀ ਬਿਜਲੀ ਨਾ ਆਉਣ ਦੇ ਕਾਰਨ ਗ਼ੁੱਸੇ 'ਚ ਆ ਕੇ ਬੀਤੀ ਰਾਤ ਕਰੀਬ 10 ਵਜੇ ਫ਼ਿਰੋਜ਼ਪੁਰ ਫ਼ਾਜ਼ਿਲਕਾ ਹਾਈਵੇਅ ਜਾਮ ਕਰਕੇ ਸਰਕਾਰ 'ਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਜਾਮ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਆਪਣੇ ਬਿਆਨਾਂ 'ਚ ਅਕਸਰ ਹੀ ਬਿਜਲੀ ਸਰਪਲੱਸ ਹੋਣ ਦਾ ਦਾਅਵਾ ਕਰਦੇ ਹਨ ਅਤੇ ਹਾਲੇ ਤਾਂ ਗਰਮੀ ਦੀ ਸ਼ੁਰੂਆਤ ਹੀ ਹੋਈ ਹੈ ਤੇ ਮੁੱਖ ਮੰਤਰੀ ਦੇ ਦਾਅਵਿਆਂ ਦੀ ਫ਼ੂਕ ਨਿਕਲਦੀ ਨਜ਼ਰ ਆ ਰਹੀ ਹੈ | ਇਸ ਮੌਕੇ ਜਾਣਕਾਰੀ ਸਾਂਝੀ ਕਰਦਿਆਂ ਬਾਰ ਐਸੋਸੀਏਸ਼ਨ ਜਲਾਲਾਬਾਦ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਐਡਵੋਕੇਟ ਕਰਮਜੀਤ ਸਿੰਘ ਸੰਧੂ ਨੇ ਦੱਸਿਆ ਕਿ ਕੱਲ੍ਹ ਵੀ ਪੂਰਾ ਦਿਨ ਬਿਜਲੀ ਬੰਦ ਰਹੀ ਅਤੇ ਅੱਜ ਵੀ ਪੂਰਾ ਦਿਨ ਬਿਜਲੀ ਨਹੀਂ ਆਈ ਅਤੇ ਬਿਜਲੀ ਘਰ ਦਾ ਕੋਈ ਮੁਲਾਜ਼ਮ ਸੁਣਵਾਈ ਨਹੀਂ ਕਰਦਾ ਅਤੇ ਨਾ ਹੀ ਬਿਜਲੀ ਨਾ ਆਉਣ ਦਾ ਕੋਈ ਪੁਖ਼ਤਾ ਜਵਾਬ ਦਿੰਦਾ | ਉਨ੍ਹਾਂ ਦੱਸਿਆ ਪਿਛਲੇ ਕਈ ਦਿਨਾਂ ਤੋਂ ਸਥਾਨਕ ਲੋਕ ਇਸ ਸਮੱਸਿਆ ਦਾ ਸੰਤਾਪ ਹੰਢਾਅ ਰਹੇ ਹਨ | ਧਰਨਾ ਕਰੀਬ 1 ਘੰਟਾ ਚੱਲਿਆ ਅਤੇ ਬਿਜਲੀ ਆਉਣ ਤੋਂ ਬਾਅਦ ਪ੍ਰਸ਼ਾਸਨ ਦੀ ਦਖ਼ਲ-ਅੰਦਾਜ਼ੀ ਤੋਂ ਬਾਅਦ ਧਰਨਾ ਖ਼ਤਮ ਕਰ ਦਿੱਤਾ ਗਿਆ ਅਤੇ ਧਰਨੇ 'ਚ ਮੌਜੂਦ ਲੋਕਾਂ ਨੇ ਕਿਹਾ ਕਿ ਬਿਜਲੀ ਦਾ ਪੱਕਾ ਹੱਲ ਨਾ ਕੀਤਾ ਗਿਆ ਤਾਂ ਮਜਬੂਰਨ ਅਗਲਾ ਧਰਨਾ ਅਣਮਿਥੇ ਸਮੇਂ ਲਈ ਲਗਾ ਕੇ ਹਾਈਵੇਅ ਜਾਮ ਕੀਤਾ ਜਾਵੇਗਾ |