ਫ਼ਾਜ਼ਿਲਕਾ, 20 ਅਪ੍ਰੈਲ (ਅਮਰਜੀਤ ਸ਼ਰਮਾ)-ਗਾਡਵਿਨ ਪਬਲਿਕ ਸਕੂਲ, ਘੱਲੂ ਦੇ ਵਿਦਿਆਰਥੀਆਂ ਨੇ ਇੰਗਲਿਸ਼ ਓਲੰਪੀਆਡ 2025-26 ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਅਕਾਦਮਿਕ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ | ਇਸ ਵੱਕਾਰੀ ਪ੍ਰੀਖਿਆ ਦੇ ਨਤੀਜਿਆਂ ਵਿਚ ਸਕੂਲ ਦੇ 10 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ, ਜਿਨ੍ਹਾਂ ਵਿਚੋਂ 6 ਵਿਦਿਆਰਥੀਆਂ ਨੇ ਮੈਡਲ ਜਿੱਤ ਕੇ ਸਕੂਲ ਅਤੇ ਇਲਾਕੇ ਦਾ ਨਾਂ ਚਮਕਾਇਆ ਹੈ | ਸਕੂਲ ਦੇ ਪਿ੍ੰਸੀਪਲ ਅਭਿਲੇਖ ਸ਼ਰਮਾ ਨੇ ਜੇਤੂਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਮਲ, ਅਰਾਧਿਆ ਅਤੇ ਮਨਮੀਤ ਨੇ ਸੋਨ ਤਗਮੇ ਹਾਸਲ ਕੀਤੇ ਹਨ | ਇਸੇ ਤਰ੍ਹਾਂ ਵੈਜਯੰਤੀ ਅਤੇ ਨਵਦੀਪ ਕੌਰ ਨੇ ਚਾਂਦੀ ਤਗਮਾ, ਜਦਕਿ ਧਰੁਵ ਨੇ ਕਾਂਸੇ ਦਾ ਤਗਮੇ 'ਤੇ ਕਬਜ਼ਾ ਕੀਤਾ | ਇਸ ਤੋਂ ਇਲਾਵਾ ਰੇਹਾਨ, ਦਿਲਸੀਰਤ ਅਤੇ ਮਿਸਟੀ ਨੇ ਵੀ ਸ਼ਲਾਘਾਯੋਗ ਪ੍ਰਦਰਸ਼ਨ ਕੀਤਾ | ਮੈਨੇਜਿੰਗ ਕਮੇਟੀ ਮੈਂਬਰ ਐਡਵੋਕੇਟ ਮਨਿੰਦਰ ਸਿੰਘ ਸਰਾਂ ਨੇ ਵਿਦਿਆਰਥੀਆਂ ਦੀ ਪ੍ਰਾਪਤੀ 'ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਸਕੂਲ ਦੇ ਬੱਚੇ ਭਵਿੱਖ ਵਿਚ ਵੀ ਇਸੇ ਤਰ੍ਹਾਂ ਨਵੀਆਂ ਉਚਾਈਆਂ ਨੂੰ ਛੂਹ ਕੇ ਸਕੂਲ ਦਾ ਨਾਂ ਰੌਸ਼ਨ ਕਰਦੇ ਰਹਿਣਗੇ | ਮੈਡਮ ਲਖਵਿੰਦਰ ਕੌਰ ਬਰਾੜ ਨੇ ਇਸ ਸਫਲਤਾ ਨੂੰ ਵਿਦਿਆਰਥੀਆਂ ਦੇ ਅਨੁਸ਼ਾਸਨ, ਮਿਹਨਤ ਅਤੇ ਅਧਿਆਪਕਾਂ ਦੇ ਸਹੀ ਮਾਰਗਦਰਸ਼ਨ ਦਾ ਨਤੀਜਾ ਦੱਸਿਆ | ਉਨ੍ਹਾਂ ਕਿਹਾ ਕਿ ਅਜਿਹੇ ਨਤੀਜੇ ਦੂਜੇ ਵਿਦਿਆਰਥੀਆਂ ਲਈ ਵੀ ਪ੍ਰੇਰਨਾ ਸਰੋਤ ਬਣਦੇ ਹਨ |