ਗੁਰੂਹਰਸਹਾਏ, 21 ਅਪ੍ਰੈਲ(ਕਪਿਲ ਕੰਧਾਰੀ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹਿਰ ਦੇ ਆਦਰਸ਼ ਨਗਰ ਵਿਖੇ ਸਥਿਤ ਸ੍ਰੀ ਪਰਸ਼ੂਰਾਮ ਧਰਮਸ਼ਾਲਾ ਵਿਚ ਭਗਵਾਨ ਸ੍ਰੀ ਪਰਸ਼ੂਰਾਮ ਜੀ ਦੀ ਜਯੰਤੀ ਸ਼ਹਿਰ ਵਾਸੀਆਂ ਵਲੋਂ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ | ਇਹ ਧਾਰਮਿਕ ਸਮਾਗਮ 19 ਅਪ੍ਰੈਲ ਦਿਨ ਐਤਵਾਰ ਨੂੰ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ | ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਤੇ ਭਗਤ ਕੁਲਦੀਪ ਸ਼ਰਮਾ ਸਚਿਨ ਸ਼ਰਮਾ ਤਜਿੰਦਰ ਪਾਲ ਸ਼ਰਮਾ ਰਵੀ ਸ਼ਰਮਾ ਵਿਜੇ ਸ਼ਰਮਾ ਹਨੀ ਸ਼ਰਮਾ ਚੰਦਨ ਸ਼ਰਮਾ ਕੌਂਸਲਰ ਬਿ੍ਜ ਭੂਸ਼ਨ ਭਾਰਦਵਾਜ ਨੇ ਦੱਸਿਆ ਕਿ ਇਸ ਦੀ ਸ਼ੁਰੂਆਤ ਪੂਰੇ ਵਿਧੀ ਵਿਧਾਨ ਦੇ ਨਾਲ ਪੂਜਾ ਅਰਚਨਾ ਕਰਕੇ ਕੀਤੀ ਗਈ | ਇਸ ਮੌਕੇ ਭਗਤਾਂ ਵਲੋਂ ਅਤੇ ਪ੍ਰਬੰਧਕਾਂ ਵਲੋਂ ਭਗਵਾਨ ਜੀ ਦਾ ਸੁੰਦਰ ਦਰਬਾਰ ਫੁੱਲਾਂ ਅਤੇ ਲੜੀਆਂ ਦੇ ਨਾਲ ਸਜਾਇਆ ਗਿਆ | ਇਸ ਮੌਕੇ ਰਾਤ 8 ਵਜੇ ਤੋਂ ਸ੍ਰੀ ਹਨੂਮਾਨ ਚਾਲੀਸਾ ਦਾ ਪਾਠ ਅਤੇ ਭਗਵਾਨ ਸ੍ਰੀ ਪਰਸ਼ੂਰਾਮ ਦੀ ਮਹਿਮਾ ਦਾ ਕੀਰਤਨ ਸ਼ੁਰੂ ਕੀਤਾ ਗਿਆ | ਇਸ ਦੌਰਾਨ ਪ੍ਰਸਿੱਧ ਭਜਨ ਗਾਇਕ ਪੰਡਿਤ ਬਿੰਦੂ ਭਾਰਦਵਾਜ ਅਤੇ ਭਗਤ ਸਚਿਨ ਸ਼ਰਮਾ ਵਲੋਂ ਭਗਵਾਨ ਦੇ ਸੁੰਦਰ-ਸੁੰਦਰ ਭਜਨਾਂ ਦਾ ਗੁਣਗਾਨ ਕੀਤਾ ਗਿਆ |