ਫ਼ਾਜ਼ਿਲਕਾ, 22 ਅਪ੍ਰੈਲ (ਦਵਿੰਦਰ ਪਾਲ ਸਿੰਘ)-ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ, ਐੱਸ.ਏ.ਐੱਸ. ਨਗਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਧਰਮਿੰਦਰ ਪਾਲ ਸਿੰਗਲਾ ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਾਜ਼ਿਲਕਾ ਦੀ ਅਗਵਾਈ ਅਤੇ ਮੈਡਮ ਰੁਚੀ ਸਵਪਨ ਸ਼ਰਮਾ ਮਾਣਯੋਗ ਸਕੱਤਰ ਦੀ ਦੇਖ-ਰੇਖ ਹੇਠ ਕੰਮਕਾਜੀ ਥਾਵਾਂ 'ਤੇ ਮਹਿਲਾਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ 'ਪੋਸ਼ ਐਕਟ' ਬਾਰੇ ਜਾਗਰੂਕਤਾ ਕਾਰਜ-ਕਰਮ ਕਰਵਾਇਆ ਗਿਆ | ਇਹ ਵਿਸ਼ੇਸ਼ ਸੈਮੀਨਾਰ ਸਰਕਾਰੀ ਹਾਈ ਸਕੂਲ ਆਸਿਫਵਾਲਾ, ਮੌਜਮ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੰਗੜ ਭੈਣੀ ਦੀਆਂ ਮਹਿਲਾ ਅਧਿਆਪਕਾਵਾਂ ਲਈ ਆਯੋਜਿਤ ਕੀਤਾ ਗਿਆ | ਲੀਗਲ ਏਡ ਡਿਫੈਂਸ ਕੌਂਸਲ ਮੈਡਮ ਅਮੀਸ਼ਾ ਨੇ ਹਾਜ਼ਰ ਮਹਿਲਾ ਸਟਾਫ਼ ਨੂੰ ਸੰਬੋਧਨ ਕਰਦਿਆਂ 'ਸੈਕਸ਼ੂਅਲ ਹਰਾਸਮੈਂਟ ਆਫ਼ ਵੁਮੈਨ ਐਟ ਵਰਕ ਪਲੇਸ ਐਕਟ-2013' ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਇਹ ਕਾਨੂੰਨ ਕੰਮਕਾਜ ਵਾਲੀ ਥਾਂ 'ਤੇ ਮਹਿਲਾਵਾਂ ਨੂੰ ਕਿਸੇ ਵੀ ਤਰ੍ਹਾਂ ਦੇ ਜਿਨਸੀ ਉਤਪੀੜਨ ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ | ਅਣਚਾਹਾ ਸਰੀਰਕ ਸੰਪਰਕ, ਭੱਦੀਆਂ ਟਿੱਪਣੀਆਂ, ਅਸ਼ਲੀਲ ਸੰਕੇਤ ਜਾਂ ਨੌਕਰੀ ਦੇ ਬਦਲੇ ਗ਼ਲਤ ਮੰਗਾਂ ਰੱਖਣਾ ਇਸ ਐਕਟ ਦੇ ਘੇਰੇ ਵਿਚ ਆਉਂਦਾ ਹੈ | ਹਰ ਸੰਸਥਾ ਵਿਚ ਅੰਦਰੂਨੀ ਸ਼ਿਕਾਇਤ ਕਮੇਟੀ ਦਾ ਹੋਣਾ ਲਾਜ਼ਮੀ ਹੈ, ਜਿੱਥੇ ਪੀੜਤ ਮਹਿਲਾ ਬਿਨਾਂ ਕਿਸੇ ਡਰ ਦੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੀ ਹੈ | ਸੈਮੀਨਾਰ ਦੌਰਾਨ ਦੱਸਿਆ ਗਿਆ ਕਿ ਸ਼ਿਕਾਇਤਕਰਤਾ ਦੀ ਪਛਾਣ ਗੁਪਤ ਰੱਖੀ ਜਾਂਦੀ ਹੈ ਅਤੇ ਪੀੜਤ ਨਾਲ ਕਿਸੇ ਵੀ ਤਰ੍ਹਾਂ ਦਾ ਭੇਦਭਾਵ ਨਹੀਂ ਕੀਤਾ ਜਾ ਸਕਦਾ | ਅੰਤ ਵਿਚ ਮਹਿਲਾਵਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਅਧਿਕਾਰਾਂ ਪ੍ਰਤੀ ਸੁਚੇਤ ਰਹਿਣ | ਕਿਸੇ ਵੀ ਕਾਨੂੰਨੀ ਸਹਾਇਤਾ ਲਈ ਟੋਲ ਫ਼ਰੀ ਨੰਬਰ 15100 'ਤੇ ਸੰਪਰਕ ਕੀਤਾ ਜਾ ਸਕਦਾ ਹੈ |