ਅਬੋਹਰ, 22 ਅਪ੍ਰੈਲ (ਵਿਵੇਕ ਹੂੜੀਆ)-ਵਿਸ਼ਵ ਧਰਤੀ ਦਿਵਸ ਦੇ ਮੌਕੇ 'ਤੇ ਡੀ.ਏ.ਵੀ.ਕਾਲਜ ਆਫ਼ ਐਜੂਕੇਸ਼ਨ ਦੇ ਕਾਰਜਕਾਰੀ ਪਿ੍ੰਸੀਪਲ ਡਾ.ਵਿਜੇ ਗਰੋਵਰ ਦੀ ਸਰਪ੍ਰਸਤੀ ਹੇਠ 'ਸੇਵ ਗਰੀਨ ਪਲੈਨੇਟ' ਮੁਹਿੰਮ ਚਲਾਈ ਗਈ | ਕਾਲਜ ਦੇ ਈਕੋ ਕਲੱਬ ਮੈਂਬਰਾਂ ਡਾ.ਅਮਨਦੀਪ ਕੌਰ, ਸੁਰੇਸ਼ ਮੱਕੜ ਅਤੇ ਮੈਡਮ ਸ਼ੀਬਾ ਦੇ ਮਾਰਗਦਰਸ਼ਨ 'ਚ ਬੀ.ਐੱਡ ਦੇ ਵਿਦਿਆਰਥੀਆਂ ਨੇ ਲਗਾਤਾਰ 15 ਦਿਨਾਂ ਤੱਕ ਵੱਖ-ਵੱਖ ਸਕੂਲਾਂ ਵਿਚ ਜਾ ਕੇ ਵਾਤਾਵਰਨ ਸੰਭਾਲ ਦਾ ਸੁਨੇਹਾ ਦਿੱਤਾ | ਇਸ ਮੌਕੇ ਜੀ.ਐੱਸ.ਐੱਸ.ਐੱਸ. ਡੰਗਰ ਖੇੜਾ ਸਕੂਲ ਵਿਚ 'ਜਲਵਾਯੂ ਪਰਿਵਰਤਨ' ਵਿਸ਼ੇ 'ਤੇ ਵਿਦਿਆਰਥੀਆਂ ਨੂੰ ਗਲੋਬਲ ਵਾਰਮਿੰਗ ਦੇ ਕਾਰਨਾਂ, ਵਧਦੇ ਤਾਪਮਾਨ ਅਤੇ ਮੌਸਮ ਵਿਚ ਆ ਰਹੇ ਬਦਲਾਅ ਬਾਰੇ ਜਾਣਕਾਰੀ ਦਿੱਤੀ ਗਈ | ਜੀ.ਐੱਮ.ਐੱਸ. ਮਿਡਲ ਸਕੂਲ ਅਜੀਮਗੜ੍ਹ 'ਚ 'ਸੇ ਨੋ ਟੂ ਪਲਾਸਟਿਕ' ਮੁਹਿੰਮ ਤਹਿਤ ਬੱਚਿਆਂ ਨੂੰ ਸਿੰਗਲ ਯੂਜ਼ ਪਲਾਸਟਿਕ ਦੇ ਨੁਕਸਾਨ ਦੱਸ ਕੇ ਕੱਪੜੇ ਜਾਂ ਜੂਟ ਦੇ ਬੈਗ ਵਰਤਣ ਲਈ ਪ੍ਰੇਰਿਤ ਕੀਤਾ ਗਿਆ | ਸ਼ਿਵਾਲਿਕ ਪਬਲਿਕ ਸਕੂਲ ਅਬੋਹਰ ਵਿਚ ਵਿਦਿਆਰਥੀਆਂ ਨੂੰ ਹਵਾ, ਪਾਣੀ ਅਤੇ ਸ਼ੋਰ ਪ੍ਰਦੂਸ਼ਣ ਦੇ ਪ੍ਰਭਾਵਾਂ ਅਤੇ ਪਲਾਸਟਿਕ ਕਚਰੇ ਦੇ ਨਿਪਟਾਰੇ ਦੇ ਤਰੀਕੇ ਸਮਝਾਏ ਗਏ | ਸਨਬੀਮ ਸੀਨੀਅਰ ਸੈਕੰਡਰੀ ਸਕੂਲ ਵਿਚ ਵਾਤਾਵਰਨ ਬਚਾਓ ਵਿਸ਼ੇ 'ਤੇ ਚਰਚਾ ਕਰਦਿਆਂ ਬੱਚਿਆਂ ਨੂੰ ਜਲ ਸੰਭਾਲ, ਰੁੱਖ ਲਗਾਉਣ ਅਤੇ ਸਫ਼ਾਈ ਦੀ ਮਹੱਤਤਾ ਦੱਸੀ ਗਈ | ਸਰਕਾਰੀ ਸਕੂਲ ਆਜ਼ਮ ਵਾਲਾ ਵਿਚ ਜੰਗਲਾਂ ਦੀ ਕਟਾਈ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਦੱਸਿਆ ਗਿਆ ਅਤੇ ਵੱਧ ਤੋਂ ਵੱਧ ਪੌਦੇ ਲਗਾਉਣ ਦਾ ਸੁਨੇਹਾ ਦਿੱਤਾ ਗਿਆ | ਪਿ੍ੰਸੀਪਲ ਡਾ. ਵਿਜੇ ਗਰੋਵਰ ਨੇ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਵਾਤਾਵਰਨ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਹੈ | ਉਨ੍ਹਾਂ ਕਿਹਾ ਕਿ ਪਾਣੀ-ਬਿਜਲੀ ਦੀ ਬੱਚਤ ਅਤੇ ਪਲਾਸਟਿਕ ਦੀ ਘੱਟ ਵਰਤੋਂ ਵਰਗੇ ਛੋਟੇ ਕਦਮ ਧਰਤੀ ਨੂੰ ਬਚਾਉਣ ਵਿਚ ਵੱਡਾ ਯੋਗਦਾਨ ਪਾ ਸਕਦੇ ਹਨ |