ਤਲਵੰਡੀ ਭਾਈ, 24 ਅਪ੍ਰੈਲ (ਕੁਲਜਿੰਦਰ ਸਿੰਘ ਗਿੱਲ)-ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਵਲੋਂ ਖਾਦ, ਬੀਜ ਅਤੇ ਕੀੜੇਮਾਰ ਦਵਾਈਆਂ ਦੇ ਡੀਲਰਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਹੱਲ ਨਾ ਕੀਤੇ ਜਾਣ ਕਰਕੇ ਆਲ ਇੰਡੀਆ ਐਗਰੋ ਇਨਪੁੱਟ ਡੀਲਰਜ਼ ਐਸੋਸੀਏਸ਼ਨ ਵਿੱਢੇ ਗਏ ਸੰਘਰਸ਼ ਤਹਿਤ ਤਲਵੰਡੀ ਭਾਈ ਭਾਈ ਖੇਤਰ ਦੇ ਖਾਦ ਅਤੇ ਕੀੜੇਮਾਰ ਦਵਾਈ ਵਿਕਰੇਤਾ 27 ਅਪ੍ਰੈਲ ਸੋਮਵਾਰ ਨੂੰ ਹੜਤਾਲ 'ਤੇ ਰਹਿਣਗੇ | ਇਹ ਜਾਣਕਾਰੀ ਦਿੰਦੇ ਹੋਏ ਪੈਸਟੀਸਾਈਡ ਐਸੋਸੀਏਸ਼ਨ ਤਲਵੰਡੀ ਭਾਈ ਦੇ ਪ੍ਰਧਾਨ ਤਰਸੇਮ ਵੱਤ ਨੇ ਦੱਸਿਆ ਕਿ ਡੀਲਰਾਂ ਖਾਦ ਦੇ ਨਾਲ ਹੋਰ ਬੇਲੋੜੀ ਸਮਗਰੀ ਦੇਣ,ਖਾਦ ਨੂੰ ਬਿਨਾਂ ਕਿਸੇ ਵਾਧੂ ਖ਼ਰਚੇ ਦੇ ਪਰਚੂਨ ਦੁਕਾਨਦਾਰਾਂ ਤੱਕ ਪਹੁੰਚ ਕਰਕੇ ਦੇਣ, ਡੀਲਰ ਲਈ ਖਾਦ ਦੇ ਮਾਰਨ ਵਿਚ ਵਾਧਾ ਕਰਨ,ਖਾਦ ਦੀ ਵਿੱਕਰੀ ਲਈ ਲਿਆਂਦੀ ਜਾ ਰਹੀ ਈ-ਟੋਕਨ ਪ੍ਰਨਾਲੀ ਬੰਦ ਕਰਨ, ਖਾਦ, ਬੀਜ ਅਤੇ ਕੀੜੇਮਾਰ ਦਵਾਈਆਂ ਦੇ ਨਮੂਨੇ ਗੈਰ ਮਿਆਰੀ ਆਉਣ ਤੇ ਸਿਰਫ਼ ਉਤਪਾਦ ਬਣਾਉਣ ਵਾਲੀ ਕੰਪਨੀ ਉੱਪਰ ਹੀ ਕਾਨੂੰਨੀ ਕਾਰਵਾਈ ਕਰਨ ਆਦਿ ਦੀਆਂ ਮੰਗਾਂ ਨੂੰ ਲੈ ਕੇ ਤਲਵੰਡੀ ਭਾਈ ਇਲਾਕੇ ਖਾਦ ਅਤੇ ਦਵਾਈ ਵਿਕਰੇਤਾ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਰੋਸ ਦਾ ਪ੍ਰਗਟਾਵਾ ਕਰਨਗੇ |