ਅਬੋਹਰ, 2 ਮਈ (ਵਿਵੇਕ ਹੂੜੀਆ)-ਖੂਈਆਂ ਸਰਵਰ ਸਥਿਤ 'ਇੰਪੀਰੀਅਲ ਇੰਟਰਨੈਸ਼ਨਲ ਸਕੂਲ ਫ਼ਾਰ ਐਕਸੀਲੈਂਸ' ਵਿਖੇ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦੇ ਮੌਕੇ 'ਤੇ ਇਕ ਪ੍ਰੇਰਨਾਦਾਇਕ ਵਿਸ਼ੇਸ਼ ਸਭਾ ਦਾ ਆਯੋਜਨ ਕੀਤਾ ਗਿਆ | ਇਸ ਸਮਾਗਮ ਦਾ ਮੁੱਖ ਮਕਸਦ ਸਕੂਲ ਦੇ ਉਸ ਸਮੁੱਚੇ ਸਟਾਫ਼ ਪ੍ਰਤੀ ਸਨਮਾਨ ਪ੍ਰਗਟ ਕਰਨਾ ਸੀ, ਜੋ ਆਪਣੀ ਅਣਥੱਕ ਮਿਹਨਤ ਨਾਲ ਸੰਸਥਾ ਨੂੰ ਮਜ਼ਬੂਤ ਬਣਾਉਂਦੇ ਹਨ | ਸਮਾਗਮ ਦੌਰਾਨ ਸਕੂਲ ਦੇ ਸਪੋਰਟ ਸਟਾਫ਼, ਸਹਾਇਕਾਂ, ਵੈਨ ਡਰਾਈਵਰਾਂ ਅਤੇ ਹੋਰ ਕਰਮਚਾਰੀਆਂ ਦੇ ਬੇਮਿਸਾਲ ਯੋਗਦਾਨ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ ਗਈ | ਸਕੂਲ ਦੇ ਪਿ੍ੰਸੀਪਲ ਰਵੀ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਿਹਨਤਕਸ਼ ਇਨਸਾਨ ਸਾਡੇ ਸਮਾਜ ਅਤੇ ਸੰਸਥਾਵਾਂ ਦੀ ਮਜ਼ਬੂਤ ਨੀਂਹ ਹੁੰਦੇ ਹਨ | ਉਨ੍ਹਾਂ ਦੀ ਇਮਾਨਦਾਰੀ ਅਤੇ ਮਿਹਨਤ ਸਾਨੂੰ ਹਮੇਸ਼ਾ ਅੱਗੇ ਵਧਣ ਦੀ ਪ੍ਰੇਰਨਾ ਦਿੰਦੀ ਹੈ, ਇਸ ਲਈ ਸਾਨੂੰ ਹਰ ਪੱਧਰ 'ਤੇ ਉਨ੍ਹਾਂ ਦਾ ਸਨਮਾਨ ਕਰਨਾ ਚਾਹੀਦਾ ਹੈ | ਇਸੇ ਪ੍ਰੋਗਰਾਮ ਦੌਰਾਨ 'ਰੀਡਿੰਗ ਹੈਬਿਟ' (ਪੜ੍ਹਨ ਦੀ ਆਦਤ) ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਉਨ੍ਹਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੇ ਲਾਇਬ੍ਰੇਰੀ ਤੋਂ ਸਭ ਤੋਂ ਵੱਧ ਪੁਸਤਕਾਂ ਲੈ ਕੇ ਪੜ੍ਹਨ ਦੀ ਰੁਚੀ ਦਿਖਾਈ | ਸਕੂਲ ਦੇ ਡਾਇਰੈਕਟਰ ਸੁਖਵਿੰਦਰ ਪਾਲ ਨੇ ਸਾਰੇ ਕਰਮਚਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਟਾਫ਼ ਦਾ ਸਮਰਪਣ ਹੀ ਸਕੂਲ ਦੀ ਅਸਲ ਤਾਕਤ ਹੈ | ਇਸ ਵਿਸ਼ੇਸ਼ ਸਭਾ ਨੇ ਵਿਦਿਆਰਥੀਆਂ ਨੂੰ ਮਿਹਨਤ ਦਾ ਸਤਿਕਾਰ ਕਰਨ ਅਤੇ ਸਾਹਿੱਤ ਨਾਲ ਜੁੜਨ ਵਰਗੇ ਜੀਵਨ ਮੁੱਲਾਂ ਦਾ ਪਾਠ ਪੜ੍ਹਾਇਆ |