ਜਲਾਲਾਬਾਦ, 3 ਮਈ (ਕਰਨ ਚੁਚਰਾ)-ਸਥਾਨਕ ਲੋਰੀਅਲ ਇੰਟਰਨੈਸ਼ਨਲ ਸਕੂਲ ਵਿਖੇ 'ਮਜ਼ਦੂਰ ਦਿਵਸ' ਅਤੇ 'ਪਿ੍ੰਸੀਪਲ ਦਿਵਸ' ਬਹੁਤ ਹੀ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਪ੍ਰਬੰਧਕੀ ਕਮੇਟੀ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸਮਾਗਮ ਵਿਚ ਵਧ-ਚੜ੍ਹ ਕੇ ਹਿੱਸਾ ਲਿਆ ਅਤੇ ਸਮਾਜ ਦੀ ਨੀਂਹ ਕਹੇ ਜਾਣ ਵਾਲੇ ਮਿਹਨਤਕਸ਼ ਵਰਗ ਨੂੰ ਸਲਾਮ ਕੀਤਾ | ਸਮਾਗਮ ਦੀ ਸ਼ੁਰੂਆਤ ਸਕੂਲ ਦੇ ਸਹਾਇਕ ਕਰਮਚਾਰੀਆਂ ਦੇ ਸਨਮਾਨ ਨਾਲ ਹੋਈ | ਵਿਦਿਆਰਥੀਆਂ ਨੇ ਮਜ਼ਦੂਰ ਵਰਗ ਦੇ ਅਣਥੱਕ ਯੋਗਦਾਨ ਨੂੰ ਦਰਸਾਉਂਦੀਆਂ ਸੁੰਦਰ ਕਵਿਤਾਵਾਂ, ਭਾਸ਼ਣ ਅਤੇ ਗੀਤ ਪੇਸ਼ ਕੀਤੇ | ਇਸ ਮੌਕੇ ਸਕੂਲ ਵਲੋਂ ਕਰਮਚਾਰੀਆਂ ਨੂੰ ਵਿਸ਼ੇਸ਼ ਤੋਹਫ਼ੇ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਮਜ਼ਦੂਰ ਦਿਵਸ ਦੇ ਨਾਲ-ਨਾਲ 'ਪਿ੍ੰਸੀਪਲ ਦਿਵਸ' ਵੀ ਮਨਾਇਆ ਗਿਆ, ਜਿਸ ਦੌਰਾਨ ਸਕੂਲ ਦੀ ਪਿ੍ੰਸੀਪਲ ਵਲੋਂ ਸੰਸਥਾ ਦੀ ਤਰੱਕੀ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਗਈ | ਵਿਦਿਆਰਥੀਆਂ ਅਤੇ ਸਟਾਫ਼ ਨੇ ਪਿ੍ੰਸੀਪਲ ਨੂੰ ਧੰਨਵਾਦੀ ਸੰਦੇਸ਼ ਅਤੇ ਗੁਲਦਸਤੇ ਭੇਟ ਕੀਤੇ | ਸਕੂਲ ਦੀ ਪਿ੍ੰਸੀਪਲ ਸ੍ਰੀਮਤੀ ਅਨੁਪ੍ਰੀਤ ਕੌਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕਿਸੇ ਵੀ ਸੰਸਥਾ ਦੀ ਸਫਲਤਾ ਦੇ ਪਿੱਛੇ ਹਰ ਛੋਟੇ-ਵੱਡੇ ਕਰਮਚਾਰੀ ਦੀ ਮਿਹਨਤ ਹੁੰਦੀ ਹੈ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਾਨੂੰ ਹਰ ਕਿਰਤੀ ਅਤੇ ਮਿਹਨਤਕਸ਼ ਵਿਅਕਤੀ ਦਾ ਦਿਲੋਂ ਸਤਿਕਾਰ ਕਰਨਾ ਚਾਹੀਦਾ ਹੈ | ਉਨ੍ਹਾਂ ਨੇ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਦਿੱਤੇ ਗਏ ਮਾਣ-ਸਤਿਕਾਰ ਲਈ ਸਭ ਦਾ ਧੰਨਵਾਦ ਕੀਤਾ |