ਫ਼ਾਜ਼ਿਲਕਾ, 4 ਮਈ (ਦਵਿੰਦਰ ਪਾਲ ਸਿੰਘ)- ਫਾਜ਼ਿਲਕਾ-ਫਿਰੋਜ਼ਪੁਰ ਹਾਈਵੇਅ 'ਤੇ ਸਥਿਤ ਪਿੰਡ ਲਾਧੂਕਾ ਦੇ ਨਜ਼ਦੀਕ ਖੇਤਾਂ 'ਚ ਕਣਕ ਦੇ ਨਾੜ ਨੂੰ ਅਚਾਨਕ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ | ਅੱਗ ਇੰਨੀ ਤੇਜ਼ ਸੀ ਕਿ ਇਸ ਦਾ ਧੂੰਆਂ ਅਸਮਾਨ ਦੇ ਨਾਲ-ਨਾਲ ਹਾਈਵੇਅ 'ਤੇ ਵੀ ਫੈਲ ਗਿਆ | ਜਿਸ ਕਾਰਨ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਅਤੇ ਸੜਕ 'ਤੇ ਦੇਖਣਾ ਮੁਸ਼ਕਿਲ ਹੋ ਗਿਆ | ਹਾਲਾਤ ਵਿਗੜਦੇ ਦੇਖ ਹਾਈਵੇਅ 'ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ | ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬਿ੍ਗੇਡ ਵਿਭਾਗ ਫ਼ਾਜ਼ਿਲਕਾ ਤੋਂ ਦੋ ਅਤੇ ਜਲਾਲਾਬਾਦ ਤੋਂ ਇਕ ਗੱਡੀ ਮੌਕੇ 'ਤੇ ਪਹੁੰਚੀ | ਫਾਇਰਮੈਨ ਗੌਰਵ ਕੁਮਾਰ ਨੇ ਦੱਸਿਆ ਕਿ ਧੂੰਆਂ ਜ਼ਿਆਦਾ ਹੋਣ ਕਾਰਨ ਹਾਈਵੇਅ 'ਤੇ ਹਾਦਸੇ ਦਾ ਖ਼ਤਰਾ ਬਣਿਆ ਹੋਇਆ ਸੀ, ਜਿਸ ਕਾਰਨ ਪੁਲਿਸ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਟਰੈਫ਼ਿਕ ਨੂੰ ਰੋਕਿਆ | ਫਾਇਰ ਬਿ੍ਗੇਡ ਦੀਆਂ ਟੀਮਾਂ ਨੇ ਕੜੀ ਮਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ, ਜਿਸ ਤੋਂ ਬਾਅਦ ਕਰੀਬ ਇੱਕ ਘੰਟੇ ਬਾਅਦ ਆਵਾਜਾਈ ਮੁੜ ਸੁਚਾਰੂ ਹੋ ਸਕੀ | ਗ਼ਨੀਮਤ ਰਹੀ ਕਿ ਇਸ ਘਟਨਾ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ | ਪੁਲਿਸ ਅਤੇ ਪ੍ਰਸ਼ਾਸਨ ਹੁਣ ਇਸ ਗੱਲ ਦੀ ਜਾਂਚ ਕਰ ਰਿਹਾ ਹੈ ਕਿ ਅੱਗ ਕਿਸੇ ਵਲੋਂ ਲਗਾਈ ਗਈ ਸੀ ਜਾਂ ਇਹ ਕਿਸੇ ਸ਼ਰਾਰਤ ਦਾ ਨਤੀਜਾ ਹੈ | ਇਸ ਮਾਮਲੇ ਦੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜੀ ਜਾ ਰਹੀ ਹੈ |