ਫ਼ਾਜ਼ਿਲਕਾ, 4 ਮਈ (ਦਵਿੰਦਰ ਪਾਲ ਸਿੰਘ)-ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਜ਼ਿਲ੍ਹਾ ਫ਼ਾਜ਼ਿਲਕਾ ਦੀ ਜਨਰਲ ਬਾਡੀ ਦੀ ਇਕ ਅਹਿਮ ਇਕੱਤਰਤਾ ਅਬੋਹਰ ਵਿਖੇ ਸੂਬਾ ਆਗੂ ਅਤਿੰਦਰਪਾਲ ਘੱਗਾ ਦੀ ਪ੍ਰਧਾਨਗੀ ਹੇਠ ਸੰਪੰਨ ਹੋਈ | ਇਸ ਮੀਟਿੰਗ ਦੌਰਾਨ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਕੰਮਾਂ ਵਿਚ ਤੇਜ਼ੀ ਲਿਆਉਣ ਦੇ ਮਕਸਦ ਨਾਲ ਜ਼ਿਲ੍ਹਾ ਕਮੇਟੀ ਦਾ ਵਿਸਥਾਰ ਕੀਤਾ ਗਿਆ | ਮੀਟਿੰਗ ਦੌਰਾਨ ਹਾਊਸ ਵਲੋਂ ਸਰਬਸੰਮਤੀ ਨਾਲ ਪ੍ਰੇਮ ਕੰਬੋਜ ਨੂੰ ਜ਼ਿਲ੍ਹਾ ਮੀਤ ਪ੍ਰਧਾਨ ਚੁਣਿਆ ਗਿਆ | ਇਸ ਦੇ ਨਾਲ ਹੀ ਬਲਾਕ ਪੱਧਰ 'ਤੇ ਅਹੁਦੇਦਾਰਾਂ ਦੀ ਚੋਣ ਕਰਦਿਆਂ ਜੋਗਿੰਦਰ ਧੰਜੂ ਨੂੰ ਬਲਾਕ ਪ੍ਰਧਾਨ ਖੂਈਆਂ ਸਰਵਰ, ਦਿਨੇਸ਼ ਸ਼ਰਮਾ ਨੂੰ ਬਲਾਕ ਪ੍ਰਧਾਨ ਅਬੋਹਰ-1 ਅਤੇ ਬੱਗਾ ਸੰਧੂ ਨੂੰ ਬਲਾਕ ਸਕੱਤਰ ਵਜੋਂ ਜ਼ਿੰਮੇਵਾਰੀ ਸੌਂਪੀ ਗਈ | ਨਵ-ਨਿਯੁਕਤ ਅਹੁਦੇਦਾਰਾਂ ਦਾ ਅਧਿਆਪਕ ਆਗੂਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਨਵ-ਨਿਯੁਕਤ ਜ਼ਿਲ੍ਹਾ ਮੀਤ ਪ੍ਰਧਾਨ ਪ੍ਰੇਮ ਕੰਬੋਜ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਉਹ ਅਧਿਆਪਕਾਂ ਦੀਆਂ ਪੈਂਡਿੰਗ ਮੰਗਾਂ ਜਿਵੇਂ ਕਿ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਕੱਚੇ ਅਧਿਆਪਕਾਂ ਨੂੰ ਪੱਕਾ ਕਰਨਾ, ਖ਼ਾਲੀ ਅਸਾਮੀਆਂ ਭਰਨੀਆਂ ਅਤੇ ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਲਈ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ | ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਅਤੇ ਸਕੱਤਰ ਕੁਲਜੀਤ ਡੰਗਰ ਖੇੜਾ ਨੇ ਕਿਹਾ ਕਿ ਇਸ ਵਿਸਥਾਰ ਦਾ ਮੁੱਖ ਮਕਸਦ ਹਰ ਬਲਾਕ ਵਿਚ ਇਕਾਈਆਂ ਨੂੰ ਸਰਗਰਮ ਕਰਕੇ ਮੁਲਾਜ਼ਮ ਵਿਰੋਧੀ ਨੀਤੀਆਂ ਖ਼ਿਲਾਫ਼ ਅਧਿਆਪਕਾਂ ਨੂੰ ਲਾਮਬੰਦ ਕਰਨਾ ਹੈ | ਇਸ ਮੌਕੇ ਸੂਬਾ ਕਮੇਟੀ ਮੈਂਬਰ ਦਲਜੀਤ ਸਫ਼ੀਪੁਰ, ਰਮਨ ਸਿੰਗਲਾ, ਜ਼ਿਲ੍ਹਾ ਵਿੱਤ ਸਕੱਤਰ ਅਮਰ ਲਾਲ, ਪ੍ਰੈੱਸ ਸਕੱਤਰ ਹਰੀਸ਼ ਕੁਮਾਰ, ਜਗਦੀਸ਼ ਸੱਪਾਂ ਵਾਲੀ, ਰਮੇਸ਼ ਸੱਪਾਂਵਾਲੀ, ਨੌਰੰਗ ਲਾਲ, ਭਾਰਤ ਭੂਸ਼ਨ, ਬਲਜਿੰਦਰ ਗਰੇਵਾਲ ਅਤੇ ਵੱਡੀ ਗਿਣਤੀ ਵਿਚ ਅਧਿਆਪਕ ਹਾਜ਼ਰ ਸਨ |