ਫ਼ਾਜ਼ਿਲਕਾ, 14 ਮਈ (ਦਵਿੰਦਰ ਪਾਲ ਸਿੰਘ)-ਯੂਥ ਹੈਲਪਰਜ਼ ਸੰਸਥਾ ਫ਼ਾਜ਼ਿਲਕਾ ਵਲੋਂ ਸਰਕਾਰੀ ਕੰਨਿਆ ਸਕੂਲ ਦੀਆਂ ਵਿਦਿਆਰਥਣਾਂ ਲਈ ਚਲਾਈ ਜਾ ਰਹੀ ਮੁਫ਼ਤ ਆਟੋ ਸੇਵਾ ਦੀ ਹੌਸਲਾ ਅਫ਼ਜ਼ਾਈ ਕਰਨ ਲਈ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਦੀ ਧਰਮ-ਪਤਨੀ ਅਤੇ ਉੱਘੀ ਸਮਾਜ ਸੇਵੀ ਮੈਡਮ ਖ਼ੁਸ਼ਬੂ ਸਾਵਨਸੁੱਖਾ ਵਿਸ਼ੇਸ਼ ਤੌਰ 'ਤੇ ਪਹੁੰਚੇ | ਉਨ੍ਹਾਂ ਨੇ ਸਕੂਲੀ ਬੱਚੀਆਂ ਨਾਲ ਮੁਲਾਕਾਤ ਕੀਤੀ ਅਤੇ ਸੰਸਥਾ ਵਲੋਂ ਕੀਤੇ ਜਾ ਰਹੇ ਇਸ ਮਾਨਵਤਾ ਭਲੇ ਦੇ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ | ਇਸ ਮੌਕੇ ਮੈਡਮ ਖ਼ੁਸ਼ਬੂ ਸਾਵਨਸੁੱਖਾ ਨੇ ਕਿਹਾ ਕਿ ਅੱਤ ਦੀ ਗਰਮੀ ਦੇ ਇਸ ਮੌਸਮ ਵਿਚ ਬੱਚੀਆਂ ਨੂੰ ਸੁਰੱਖਿਅਤ ਘਰ ਪਹੁੰਚਾਉਣ ਦਾ ਇਹ ਯਤਨ ਬੇਹੱਦ ਸ਼ਲਾਘਾਯੋਗ ਹੈ | ਉਨ੍ਹਾਂ ਸੰਸਥਾ ਦੇ ਸਮੂਹ ਮੈਂਬਰਾਂ ਅਤੇ ਆਟੋ ਚਾਲਕਾਂ ਦਾ ਹੌਸਲਾ ਵਧਾਉਂਦਿਆਂ ਕਿਹਾ ਕਿ ਅਜਿਹੇ ਸੇਵਾ ਕਾਰਜ ਸਮਾਜ ਲਈ ਮਿਸਾਲ ਹਨ | ਸੰਸਥਾ ਅਤੇ ਸਕੂਲ ਸਟਾਫ਼ ਵੱਲੋਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ | ਜ਼ਿਕਰਯੋਗ ਹੈ ਕਿ ਸੰਸਥਾ ਵਲੋਂ ਰੋਜ਼ਾਨਾ 6 ਮੁਫ਼ਤ ਆਟੋ ਚਲਾਏ ਜਾ ਰਹੇ ਹਨ, ਜਿਨ੍ਹਾਂ ਰਾਹੀਂ 80 ਤੋਂ ਵੱਧ ਬੱਚੀਆਂ ਨੂੰ ਉਨ੍ਹਾਂ ਦੇ ਘਰਾਂ ਤੱਕ ਸੁਰੱਖਿਅਤ ਪਹੁੰਚਾਇਆ ਜਾ ਰਿਹਾ ਹੈ | ਸੰਸਥਾ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਇਹ ਸੇਵਾ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਨਿਰੰਤਰ ਜਾਰੀ ਹੈ | ਇਸ ਦੌਰਾਨ ਸੰਸਥਾ ਦੇ ਪ੍ਰਧਾਨ ਸ਼ਗਨ ਲਾਲ, ਚੇਅਰਮੈਨ ਮੁਕੇਸ਼ ਰੇਵਾੜੀਆ, ਜਨਰਲ ਸਕੱਤਰ ਅਮਿੱਤ ਬਸੇਟੀਆ, ਉਪ ਪ੍ਰਧਾਨ ਨੀਰਜ ਕੁਮਾਰ ਟਿੰਕੂ, ਵਾਈਸ ਚੇਅਰਮੈਨ ਵਿਜੇਤਾ ਵਰਮਾ, ਮੁੱਖ ਸਲਾਹਕਾਰ ਸ਼ੁਭਮ ਕੁਮਾਰ, ਪੰਕਜ ਸ਼ਰਮਾ, ਰੁਪਾਲੀ ਵਰਮਾ, ਮਦਨ ਕੁਮਾਰ, ਸੁਨੀਲ ਪਰਜਾਪਤ, ਰਮਨ ਕੁਮਾਰ, ਅਮਿੱਤ ਕੁਮਾਰ, ਗਗਨ ਖਿੱਪਾਵਾਲੀ ਅਤੇ ਜਗਦੀਸ਼ ਫ਼ੌਜੀ ਸਮੇਤ ਹੋਰ ਮੈਂਬਰ ਹਾਜ਼ਰ ਸਨ |